ਰੂਸ ਅਤੇ ਯੂਕਰੇਨ ਦੀ ਜੰਗ 13ਵੇਂ ਦਿਨ ਵੀ ਜਾਰੀ
ਦੋਵਾਂ ਦੇਸ਼ਾਂ ਦੇ ਵਫ਼ਦਾਂ ਵਿਚਾਲੇ ਸ਼ਾਂਤੀ ਵਾਰਤਾ ਰਹੀ ਬੇਸਿੱਟਾ
ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਛੱਡਿਆ ਆਪਣਾ ਦੇਸ਼
ਰੂਸ ਵੱਲੋਂ ਲਗਾਤਾਰ ਦੂਜੇ ਦਿਨ ਜੰਗਬੰਦੀ ਦਾ ਐਲਾਨ
ਚੰਡੀਗੜ੍ਹ,8 ਮਾਰਚ(ਵਿਸ਼ਵ ਵਾਰਤਾ)- ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਅੱਜ 13ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਇਸ ਦੌਰਾਨ, ਸਭ ਤੋਂ ਵੱਡੀ ਅਪਡੇਟ ਇਹ ਹੈ ਕਿ ਜੰਗਬੰਦੀ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦੇ ਤੀਜੇ ਦੌਰ ਦੀ ਬੈਠਕ ਵੀ ਬੇ-ਨਤੀਜਾ ਰਹੀ ਹੈ।। ਬੇਲਾਰੂਸ ‘ਚ ਸੋਮਵਾਰ ਨੂੰ ਹੋਈ ਇਸ ਗੱਲਬਾਤ ‘ਚ ਯੁੱਧ ਖੇਤਰ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਯੂਕਰੇਨ ‘ਚ ਮਨੁੱਖੀ ਗਲਿਆਰਾ ਬਣਾਉਣ ‘ਤੇ ਸਹਿਮਤੀ ਨਹੀਂ ਬਣੀ ਹੈ।
ਇਸ ਦੌਰਾਨ ਇਕ ਚੰਗੀ ਖ਼ਬਰ ਇਹ ਹੈ ਕਿ ਰੂਸ ਨੇ ਲਗਾਤਾਰ ਦੂਜੇ ਦਿਨ ਨਾਗਰਿਕਾਂ ਨੂੰ ਕੱਢਣ ਲਈ ਜੰਗਬੰਦੀ ਜਾਰੀ ਰੱਖਣ ਦੀ ਗੱਲ ਕਹੀ ਹੈ। ਅੱਜ ਕੀਵ, ਖਾਰਕੀਵ, ਸੁਮੀ, ਚੇਰਨੀਹੀਵ ਅਤੇ ਮਾਰੀਉਪੋਲ ਸ਼ਹਿਰਾਂ ਵਿੱਚ ਜੰਗਬੰਦੀ ਜਾਰੀ ਰਹੇਗੀ। ਇਨ੍ਹਾਂ ਪੰਜ ਸ਼ਹਿਰਾਂ ਵਿੱਚ ਸੋਮਵਾਰ ਨੂੰ ਵੀ ਜੰਗਬੰਦੀ ਕੀਤੀ ਗਈ ਸੀ।ਇੱਥੇ, ਰੂਸੀ ਬੰਬਾਰੀ ਦੇ ਵਿਚਕਾਰ, ਲੋਕ ਆਪਣੀ ਜਾਨ ਬਚਾਉਣ ਲਈ ਲਗਾਤਾਰ ਯੂਕਰੇਨ ਛੱਡ ਕੇ ਜਾ ਰਹੇ ਹਨ। ਇਨ੍ਹਾਂ ਵਿੱਚ ਬੱਚੇ, ਬਜ਼ੁਰਗਾਂ ਤੋਂ ਲੈ ਕੇ ਬਿਮਾਰ ਤੱਕ ਸ਼ਾਮਲ ਹਨ।ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦੀਆਂ ਰਿਪੋਰਟਾਂ ਅਨੁਸਾਰ, ਰੂਸੀ ਹਮਲੇ ਦੇ ਸ਼ੁਰੂ ਹੋਣ ਤੋਂ ਬਾਅਦ ਦੇ ਦਿਨਾਂ ਵਿੱਚ 1.7 ਮਿਲੀਅਨ ਤੋਂ ਵੱਧ ਲੋਕ ਯੂਕਰੇਨ ਛੱਡ ਚੁੱਕੇ ਹਨ।