ਬਹੁਕਰੋੜੀ ਡਰੱਗ ਰੈਕੇਟ ਮਾਮਲਾ
ਬਿਕਰਮ ਮਜੀਠੀਆ ਦੀ ਜ਼ਮਾਨਤ ‘ਤੇ ਅਦਾਲਤ ‘ਚ ਸੁਣਵਾਈ ਪੂਰੀ
ਚੰਡੀਗੜ੍ਹ, 25 ਫਰਵਰੀ(ਵਿਸ਼ਵ ਵਾਰਤਾ)ਡਰੱਗਜ਼ ਮਾਮਲੇ ‘ਚ ਫਸੇ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਜ਼ਮਾਨਤ ‘ਤੇ ਮੋਹਾਲੀ ਅਦਾਲਤ ‘ਚ ਸੁਣਵਾਈ ਪੂਰੀ ਹੋ ਗਈ ਹੈ। ਇਸ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਹੁਣ ਅਦਾਲਤ ਕਿਸੇ ਵੀ ਸਮੇਂ ਆਪਣਾ ਫੈਸਲਾ ਲੈ ਸਕਦੀ ਹੈ। ਐਸਆਈਟੀ ਵੱਲੋਂ ਸਰਕਾਰੀ ਵਕੀਲ ਨੇ ਐਨਡੀਪੀਐਸ ਐਕਟ ਦੇ ਤਹਿਤ ਦੋਸ਼ਾਂ ਦੀ ਗੰਭੀਰਤਾ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਦਾ ਵਿਰੋਧ ਕੀਤਾ। ਸੁਣਵਾਈ ਪੂਰੀ ਹੋਣ ਤੋਂ ਬਾਅਦ ਬਿਕਰਮ ਮਜੀਠੀਆ ਦੇ ਐਡਵੋਕੇਟ ਡੀਐਸ ਸੋਬਤੀ ਨੇ ਕਿਹਾ ਕਿ ਅਸੀਂ ਸਾਰੇ ਤੱਥ ਅਦਾਲਤ ਦੇ ਸਾਹਮਣੇ ਰੱਖ ਦਿੱਤੇ ਹਨ। ਫੈਸਲਾ ਆਉਣ ਵਿੱਚ ਸਮਾਂ ਲੱਗੇਗਾ। ਐਡਵੋਕੇਟ ਅਰਸ਼ਦੀਪ ਕਲੇਰ ਨੇ ਕਿਹਾ ਕਿ ਬਿਕਰਮ ਮਜੀਠੀਆ ਤਿੰਨ ਵਾਰ ਐਸਆਈਟੀ ਸਾਹਮਣੇ ਪੇਸ਼ ਹੋ ਚੁੱਕੇ ਹਨ। ਹਾਈਕੋਰਟ ਅਤੇ ਸੁਪਰੀਮ ਕੋਰਟ ਨੇ ਜੋ ਵੀ ਕਿਹਾ, ਮਜੀਠੀਆ ਨੇ ਉਹ ਸਭ ਮੰਨ ਲਿਆ। ਇਸ ਤੋਂ ਬਾਅਦ ਮਜੀਠੀਆ ਨੇ ਵੀ ਆਤਮ ਸਮਰਪਣ ਕਰ ਦਿੱਤਾ। ਕੱਲ੍ਹ ਵੀ ਪੁਲੀਸ ਨੇ ਪੁੱਛਗਿੱਛ ਕੀਤੀ ਅਤੇ ਅਦਾਲਤ ਵਿੱਚ ਲਿਖ ਦਿੱਤਾ ਕਿ ਸਾਨੂੰ ਹਿਰਾਸਤ ਦੀ ਲੋੜ ਨਹੀਂ ਹੈ, ਇਸੇ ਕਰਕੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।






















