ਨਿੱਜੀਕਰਨ ਦੇ ਸਰਵ-ਵਿਆਪੀ ਹੱਲੇ ਵਿਰੁੱਧ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ 25 ਫਰਵਰੀ ਨੂੰ ਕੀਤੇ ਜਾਣਗੇ ਪਿੰਡ-ਪਿੰਡ ਅਰਥੀ ਸਾੜ ਪ੍ਰਦਰਸ਼ਨ
ਚੰਡੀਗੜ੍ਹ,24 ਫਰਵਰੀ (ਵਿਸ਼ਵ ਵਾਰਤਾ ) ਮੁਨਾਫ਼ਾ ਕਮਾ ਰਿਹਾ ਚੰਡੀਗੜ੍ਹ ਬਿਜਲੀ ਵਿਭਾਗ ਇੱਕ ਨਿੱਜੀ ਕੰਪਨੀ ਨੂੰ ਕੌਡੀਆਂ ਦੇ ਭਾਅ ਵੇਚਣ ਵਿਰੁੱਧ ਹੜਤਾਲੀ ਮੁਲਾਜ਼ਮਾਂ ਦੀ ਹਮਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਐਲਾਨ ਕੀਤੇ ਗਏ 25 ਫਰਵਰੀ ਨੂੰ ਪਿੰਡ ਪਿੰਡ ਅਰਥੀ ਸਾੜ ਪ੍ਰਦਰਸ਼ਨ ਹੜਤਾਲ ਵਾਪਸੀ ਦੇ ਬਾਵਜੂਦ ਬਾਕਾਇਦਾ ਕੀਤੇ ਜਾਣਗੇ। ਇਸ ਸੰਬੰਧੀ ਇੱਥੇ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਨਿੱਜੀਕਰਨ, ਸੰਸਾਰੀਕਰਨ, ਉਦਾਰੀਕਰਨ ਦੀਆਂ ਸਾਮਰਾਜੀ ਨੀਤੀਆਂ ਵਿਰੁੱਧ ਦੇਸ਼ ਦੇ ਸਾਰੇ ਪੀੜਤ ਤਬਕਿਆਂ ਦੀ ਵਿਸ਼ਾਲ ਸਾਂਝੀ ਸੰਘਰਸ਼ ਲਹਿਰ ਉਸਾਰਨ ਦੇ ਜਥੇਬੰਦੀ ਦੇ ਮਿਥੇ ਹੋਏ ਕਾਰਜ ਦੀ ਪੂਰਤੀ ਲਈ ਹੀ ਇਹ ਅਰਥੀ ਸਾੜ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਨਿੱਜੀ ਕਾਰਪੋਰੇਟਾਂ ਦੇ ਵਾਰੇ ਨਿਆਰੇ ਕਰਨ ਲਈ ਤੁਲੀ ਹੋਈ ਮੋਦੀ ਸਰਕਾਰ ਦੀਆਂ ਹਦਾਇਤਾਂ ਤਹਿਤ ਕੰਮ ਕਰ ਰਹੇ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੀ 25000 ਕ੍ਰੋੜ ਰੁਪਏ ਦੀ ਜਾਇਦਾਦ 871 ਕ੍ਰੋੜ ਰੁਪਏ ਵਿੱਚ ਹੀ ਲੁਟਾ ਦਿੱਤੀ ਹੈ। ਉਹ ਵੀ ਅਜਿਹੀ ਕੰਪਨੀ ਨੂੰ ਜੀਹਦਾ ਸਿਰਫ਼ ਦੋ ਸਾਲ ਦਾ ਤਜਰਬਾ ਹੈ। ਹਾਈ ਕੋਰਟ ਦੇ ਫੈਸਲੇ ਦਾ ਬਹਾਨਾ ਅਤੇ ਜ਼ਰੂਰੀ ਸੇਵਾਵਾਂ ਕਾਨੂੰਨ ਤਹਿਤ ਹੜਤਾਲੀ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕਰਨ ਵਰਗੀਆਂ ਕਾਰਵਾਈਆਂ ਚੰਡੀਗੜ੍ਹ ਪ੍ਰਸ਼ਾਸਨ ਦੇ ਟਾਲਮਟੋਲ ਵਾਲੇ ਅਤੇ ਜਾਬਰ ਹਥਕੰਡਿਆਂ ਨੂੰ ਨਾਕਾਮ ਕਰਨਾ ਵੀ ਅਰਥੀ ਸਾੜ ਪ੍ਰਦਰਸ਼ਨਾਂ ਦਾ ਨਿਸ਼ਾਨਾ ਹੈ। ਉਨ੍ਹਾਂ ਦੱਸਿਆ ਹੈ ਕਿ ਪੰਜਾਬ ਦੇ ਬਿਜਲੀ ਵਿਭਾਗ ਵੱਲੋਂ ਚਿੱਪਾਂ ਵਾਲੇ ਔਨਲਾਈਨ ਮੀਟਰ ਲਾਉਣ ਅਤੇ ਘਰਾਂ ਤੋਂ ਬਾਹਰ ਲਾਉਣ ਦਾ ਫੈਸਲਾ ਵੀ ਬਿਜਲੀ ਕਾਰੋਬਾਰ ਦਾ ਮੁਕੰਮਲ ਨਿਜੀਕਰਨ ਕਰਨ ਵੱਲ ਵੱਡਾ ਕਦਮ ਹੈ। ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਤੇ ਕਿਰਤੀ ਲੋਕਾਂ ਨੂੰ ਨਿੱਜੀਕਰਨ ਵਿਰੋਧੀ ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿੱਚ ਵਧ ਚੜ੍ਹ ਕੇ ਪਰਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।























