ਪੰਜਾਬ ਵਿੱਚ ਭਾਜਪਾ ਗਠਜੋੜ ਦੀ ਸਰਕਾਰ ਬਣੇਗੀ: ਤਰੁਣ ਚੁੱਘ
ਚੋਣਾਂ ‘ਚ ਭਾਜਪਾ ਦੀ ਹੋਵੇਗੀ ਸਭ ਤੋਂ ਵੱਧ ‘ਸਟਰਾਈਕ ਰੇਟ’ : ਚੁੱਘ

ਚੰਡੀਗੜ੍ਹ, 20 ਫਰਵਰੀ (ਵਿਸ਼ਵ ਵਾਰਤਾ);- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਡੀਏਵੀ ਸਕੂਲ ਦੇ ਬੂਥ ਨੰਬਰ 28 ’ਤੇ ਆਪਣੇ ਵੋਟ ਦਾ ਇਸਤੇਮਾਲ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੁੱਘ ਨੇ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਵੱਲੋਂ ਦਿੱਤੇ ਗਏ ਸੰਵਿਧਾਨ ਨੇ ਭਾਰਤੀਆਂ ਨੂੰ ਲੋਕਤੰਤਰ ਦਾ ਤਿਉਹਾਰ ਮਨਾਉਣ ਲਈ ਵੋਟ ਦਾ ਅਧਿਕਾਰ ਦਿੱਤਾ ਹੈ। ਇਹ ਦਿਨ ਪੰਜਾਬ ਲਈ ਖਾਸ ਹੈ। ਸਰਹੱਦੀ ਸੂਬੇ ਪੰਜਾਬ ਦੇ ਵਿਕਾਸ ਲਈ ਡਬਲ ਇੰਜਣ ਵਾਲੀ ਸਰਕਾਰ ਦੀ ਲੋੜ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਅਤੇ ਪੰਜਾਬੀਅਤ ਨਾਲ ਵਿਸ਼ੇਸ਼ ਲਗਾਵ ਹੈ। ਪ੍ਰਧਾਨ ਮੰਤਰੀ ਮੋਦੀ ਪੰਜਾਬ ਨੂੰ ਵਿਕਾਸ ਦੀਆਂ ਸਿਖਰਾਂ ‘ਤੇ ਲਿਜਾਣਾ ਚਾਹੁੰਦੇ ਹਨ। ਇਸ ਦਾ ਜ਼ਿਕਰ ਉਹ ਆਪਣੇ ਪੰਜਾਬ ਦੇ ਚੋਣ ਦੌਰੇ ਦੌਰਾਨ ਵੀ ਕਰ ਚੁੱਕੇ ਹਨ। ਪੰਜਾਬ ਵਿੱਚ ਭਾਜਪਾ ਦੀ ਗੱਠਜੋੜ ਸਰਕਾਰ ਉਦਯੋਗਿਕ ਖੇਤਰ ਵਿੱਚ ਗੁਜਰਾਤ ਅਤੇ ਮਹਾਰਾਸ਼ਟਰ ਦੀ ਤਰਜ਼ ’ਤੇ ਕੰਮ ਕਰੇਗੀ। ਡਬਲ ਇੰਜਣ ਵਾਲੀ ਸਰਕਾਰ ਪੰਜਾਬ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੇਗੀ। ਪਾਕਿਸਤਾਨ ਦੀਆਂ ਸਰਹੱਦਾਂ ਨੂੰ ਸੀਲ ਕਰਕੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਬਣਾ ਕੇ ਕੰਮ ਕਰੇਗੀ। ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ, ਉਹ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਤਰੁਣ ਚੁੱਘ ਨੇ ਕਿਹਾ ਕਿ ਸੂਬੇ ‘ਚ ਇਸ ਵਾਰ ਭਾਜਪਾ ਪਿਛਲੇ ਢਾਈ ਦਹਾਕਿਆਂ ਦੀ ਚੋਣਾਵੀ ਰਾਜਨੀਤੀ ਤੋਂ ਵੱਖਰਾ ਨਤੀਜਾ ਦੇਵੇਗੀ। ਭਾਜਪਾ ਨੇ 23 ਸੀਟਾਂ ‘ਤੇ ਚੋਣ ਲੜ ਕੇ 19 ਸੀਟਾਂ ਜਿੱਤੀਆਂ ਹਨ। ਇਸ ਵਾਰ ਭਾਜਪਾ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਕੇ ਸੂਬੇ ਦੀ ਰਾਜਨੀਤੀ ਵਿੱਚ ਵੱਡੀ ਭੂਮਿਕਾ ਨਿਭਾਏਗੀ।