ਚੋਣ ਜ਼ਾਬਤੇ ਦੀ ਉਲੰਘਣਾਂ ਸਬੰਧੀ ਪ੍ਰਾਪਤ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਕੰਟਰੋਲ ਰੂਮ ਸਥਾਪਤ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਫੋਨ ਨੰਬਰ ਜਾਰੀ
ਅਧਿਕਾਰੀਆਂ ਨੂੰ ਕੰਟਰੋਲ ਰੂਮ ’ਤੇ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਉਣ ਦੇ ਨਿਰਦੇਸ਼
ਜਲੰਧਰ, 18 ਫਰਵਰੀ (ਵਿਸ਼ਵ ਵਾਰਤਾ):-ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਹੋਣ ਵਾਲੇ ਮਤਦਾਨ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਜਲੰਧਰ ਦੀ ਅਦਾਲਤ (ਕੋਰਟ ਰੂਮ) ਵਿੱਚ QR (Quick Response) ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿਸ ਰਾਹੀਂ ਚੋਣ ਜ਼ਾਬਤੇ ਦੀ ਉਲੰਘਣਾਂ ਸਬੰਧੀ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ/ਦਰਖਾਸਤਾਂ ‘ਤੇ ਤੁਰੰਤ ਕਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ, ਨਕੋਦਰ ਤੇ ਸ਼ਾਹਕੋਟ ਲਈ 0181-2244045, ਹਲਕਾ ਕਰਤਾਰਪੁਰ, ਜਲੰਧਰ ਪੱਛਮੀ ਤੇ ਆਦਮਪੁਰ ਲਈ 0181-2244046 ਅਤੇ ਹਲਕਾ ਜਲੰਧਰ ਕੇਂਦਰੀ, ਜਲੰਧਰ ਉੱਤਰੀ ਤੇ ਜਲੰਧਰ ਕੈਂਟ ਲਈ 0181-2244047 ਨੰਬਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੰਬਰਾਂ ’ਤੇ ਆਮ ਲੋਕਾਂ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾਂ ਸਬੰਧੀ ਸ਼ਿਕਾਇਤ/ਦਰਖਾਸਤ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ, ਜਿਸ ਲਈ ਕ੍ਰਮਵਾਰ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਆਸ਼ਿਕਾ ਜੈਨ ਨੂੰ ਸੁਪਰਵਾਈਜ਼ਰੀ ਅਫ਼ਸਰ ਲਗਾਇਆ ਗਿਆ ਹੈ।
ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਕੰਟਰੋਲ ਰੂਮ 24 ਘੰਟੇ ਕੰਮ ਕਰੇਗਾ, ਜਿਸ ਵਿੱਚ ਤਾਇਨਾਤ ਸਟਾਫ਼ ਵੱਲੋਂ ਤਿੰਨ ਸ਼ਿਫਟਾਂ ਵਿੱਚ ਡਿਊਟੀ ਨਿਭਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਵਿੱਚ ਤਾਇਨਾਤ ਸਟਾਫ਼ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ/ਦਰਖਾਸਤਾਂ ਨੂੰ ਤੁਰੰਤ ਸਬੰਧਤ ਰਿਟਰਨਿੰਗ ਅਫ਼ਸਰ, ਸਬੰਧਤ ਪੁਲਿਸ ਅਧਿਕਾਰੀਆਂ, ਕਵਿਕ ਰਿਸਪਾਂਸ ਟੀਮ, ਐਸ.ਐਚ.ਓ. ਆਦਿ ਨੂੰ ਭੇਜਣਗੇ ਅਤੇ ਇਹ ਅਫ਼ਸਰ ਪ੍ਰਾਪਤ ਹੋਈ ਸ਼ਿਕਾਇਤ ਦਾ ਨਿਪਟਾਰਾ ਕਰਨ ਉਪਰੰਤ ਇਸ ਦੀ ਰਿਪੋਰਟ ਤੁਰੰਤ ਕੰਟਰੋਲ ਰੂਮ ਵਿਖੇ ਭੇਜਣਗੇ। ਉਪਰੰਤ ਕੰਟਰੋਲ ਰੂਮ ਦਾ ਸਟਾਫ਼ ਪ੍ਰਾਪਤ ਹੋਈ ਰਿਪੋਰਟ ਨੂੰ ਤੁਰੰਤ ਸਬੰਧਤ ਸੁਪਰਵਾਈਜ਼ਰੀ ਅਫ਼ਸਰ ਨੂੰ ਪੇਸ਼ ਕਰਨਗੇ।
ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਵਿੱਚ ਤਾਇਨਾਤ ਸਟਾਫ਼ ਦੇ ਕੰਮ ਦੀ ਨਿਗਰਾਨੀ ਲਈ ਅਮਿਤ ਮਿਨਹਾਸ ਬਤੌਰ ਨੋਡਲ ਅਫ਼ਸਰ ਅਤੇ ਸੁਖਵਿੰਦਰ ਸਿੰਘ ਸਹਾਇਕ ਨੋਡਲ ਨਿਯੁਕਤ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਸਬੰਧਤ ਅਧਿਕਾਰੀਆਂ ਨੂੰ ਉਕਤ ਕੰਟਰੋਲ ਰੂਮ ’ਤੇ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਤੁਰੰਤ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।






















