20 ਫਰਵਰੀ ਵਾਲੇ ਦਿਨ ਬਾਦਲਾਂ ਤੇ ਕਾਂਗਰਸ ਵਿਰੁੱਧ ਵੋਟਾਂ ਪਾਕੇ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਬਦਲਾ ਲਿਆ ਜਾਵੇ : ਮੋਹਕਮ ਸਿੰਘ – ਭੋਮਾ
ਚੰਡੀਗੜ, 17 ਫਰਵਰੀ (ਵਿਸ਼ਵ ਵਾਰਤਾ);- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਮੋਹਕਮ ਸਿੰਘ ਜਨਰਲ ਸਕੱਤਰ ਤੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਸਿੱਖ ਕੌਮ ਤੇ ਸਮੂੰਹ ਪੰਜਾਬੀਆਂ ਨੂੰ ਦਿਲ ਟੁੰਬਵੀਂ ਅਪੀਲ ਕੀਤੀ ਹੈ ਕਿ ਪੰਥ ਤੇ ਪੰਜਾਬ ਵਿਰੋਧੀ ਬਾਦਲਾਂ ਲਾਣੇ ਵਿਰੁੱਧ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 20 ਫਰਵਰੀ ਵਾਲੇ ਦਿਨ ਆਪਣੀ ਇੱਕ ਇੱਕ ਕੀਮਤੀ ਵੋਟ ਪਾ ਕੇ ਕਰਾਰੀ ਹਾਰ ਦੇ ਕੇ ਬਰਗਾੜੀ ਤੇ ਬਹਿਬਲਕਲਾਂ ਗੋਲੀ ਕਾਂਡ ਅਤੇ ਮਾਫ਼ੀਆ ਰਾਜ ਦਾ ਬਦਲਾ ਲਿਆ ਜਾਵੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਅਜ਼ਾਦ ਕਰਵਾਇਆ ਜਾਵੇ । ਉਹਨਾਂ ਕਿਹਾ ਬਾਦਲਾਂ ਨੂੰ ਪੰਜਾਬ ਤੇ ਪੰਥ ਦੇ ਵਿਹੜੇ ਵਿੱਚੋਂ ਬਾਹਰ ਕਰਕੇ ਪੰਜਾਬ ਵਿੱਚ ਇੱਕ ਨਵਾਂ ਸੂਰਜ ਚੜ੍ਹਾਇਆ ਜਾਵੇ ਕਿਉਂਕਿ ਬਾਦਲਾਂ ਨੇ ਪੰਜ ਵਾਰੀ ਪੰਜਾਬ ਤੇ ਰਾਜ ਕਰਕੇ ਨਾ ਤਾਂ ਚੰਡੀਗੜ੍ਹ ਪੰਜਾਬ ਨੂੰ ਦੁਆ ਸਕੇ ਨਾ ਹੀ ਦਰਿਆਈਂ ਪਾਣੀਆਂ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੁਆ ਸਕੇ । ਇਹ ਸਭ ਬਾਦਲਾਂ ਵਲੋਂ ਕਾਂਗਰਸ ਆਗੂਆਂ ਨਾਲ਼ ਮਿਲੀਂ ਭੁਗਤ ਕਰਕੇ ਪੰਜਾਬ ਦਾ ਕੋਈ ਮਸਲਾ ਹੱਲ ਨਹੀਂ ਕਰਵਾ ਸਕੇ । ਇਸ ਲਈ ਬਾਦਲਾਂ ਤੇ ਕਾਂਗਰਸ ਨੂੰ ਸਖ਼ਤ ਤੋਂ ਸਖ਼ਤ ਸਬਕ ਸਿਖਾਇਆ ਜਾਵੇ ।ਉਹਨਾਂ ਕਿਹਾ ਜਿਹਨਾਂ ਬਾਦਲਾਂ ਦੇ ਰਾਜ ਵਿੱਚ ਬਰਗਾੜੀ ਤੇ ਹੋਰ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ , ਬਹਿਬਲਕਲਾਂ ਗੋਲੀ ਕਾਂਡ , ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ , ਪੰਜ ਸਿੰਘ ਸਾਹਿਬਾਨਾਂ ਨੂੰ ਬਾਦਲਾਂ ਵਲੋਂ ਮੁੱਖ ਮੰਤਰੀ ਨਿਵਾਸ ਤੇ ਸੱਦਕੇ ਉਹਨਾਂ ਦੇ ਰੁਤਬੇ ਦੀ ਤੌਹੀਨ ਕਰਨਾ , 328 ਸਰੂਪਾਂ ਦਾ ਗੁੰਮ ਹੋਣਾ , ਬਰਗਾੜੀ ਤੇ ਬਹਿਬਲਕਲਾਂ ਗੋਲੀ ਕਾਂਡ ਦਾ ਇਨਸਾਫ਼ ਮੰਗਣ ਵਾਲੇ ਪੰਥਕ ਨੇਤਾਵਾਂ ਤੇ ਮੁਕੱਦਮੇ ਦਰਜ਼ ਕਰਨੇ , ਮਾਫ਼ੀਆ ਰਾਜ, ਬਾਦਲਾਂ ਵਲੋਂ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਵਿੱਚ ਤਬਦੀਲ ਕਰਨਾ , ਸ਼੍ਰੋਮਣੀ ਕਮੇਟੀ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਣਾ , ਤਖਤਾਂ ਦੀ ਮਾਣ ਮਰਿਯਾਦਾ ਨੂੰ ਢਾਹ ਲਾਉਣੀ , ਪੁੱਤ ਮੋਹ ਵਿੱਚ ਟਕਸਾਲੀ ਅਕਾਲੀ ਆਗੂਆਂ ਨੂੰ ਦਰਕਿਨਾਰ ਕਰਕੇ ਅਕਾਲੀ ਦਲ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਵਿੱਚ ਤਬਦੀਲ ਕਰਨਾ , ਪੰਜਾਬ ਨੂੰ ਗੁੰਡਾ ਰਾਜ ਤੇ ਗੁੰਡਾ ਟੈਕਸ ਵਿੱਚ ਤਬਦੀਲ ਕਰਨਾ , ਲੋਕਾ ਦੇ ਕਾਰੋਬਾਰ ਤੇ ਬਿਜ਼ਨਸ ਧੱਕੇ ਨਾਲ ਖੋਹਕੇ , ਸਿੱਖ ਕੌਮ ਤੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ ਹੈ । ਇਹਨਾਂ ਲੋਕਾਂ ਨੂੰ ਸਜ਼ਾ ਦੇਣ ਦਾ ਹੁਣ ਸੁਨਹਿਰੀ ਮੌਕਾ ਆ ਗਿਆ ਹੈ । ਇਹ ਲੋਕ ਆਪਣੇ ਅਸਰ ਰਸੂਖ ਕਰਕੇ ਸਤਾ ਦੇ ਸਿਖ਼ਰਲੇ ਕਾਂਗਰਸੀ ਆਗੂ ਨਾਲ਼ ਮਿਲੀਂ ਭੁਗਤ ਕਰਕੇ ਤੇ ਸਾਂਝ ਕਰਕੇ ਕਨੂੰਨ ਤੇ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਤਾਂ ਬਚਦੇ ਆਏ ਹਨ ਪਰ ਪੰਜਾਬੀਓ ਹੁਣ ਤੁਹਾਡੀ ਗ੍ਰਿਫ਼ਤ ਵਿੱਚੋਂ ਨਹੀਂ ਬਚਣੇ ਚਾਹੀਦੇ , ਲੋਕਤੰਤਰ ਦੀ ਅਦਾਲਤ ਵਿੱਚ 20 ਫਰਵਰੀ ਵਾਲੇ ਦਿਨ ਇਹਨਾਂ ਵਿਰੁੱਧ ਇੱਕ ਇੱਕ ਕੀਮਤੀ ਵੋਟ ਪਾ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ । ਇਹ ਮੌਕਾ ਫ਼ਿਰ ਪੰਜ ਸਾਲ ਬਾਅਦ ਆਉਣਾ ਹੈ ।






















