ਚਰਨਜੀਤ ਸਿੰਘ ਚੰਨੀ ਅੱਜ ਜਲੰਧਰ ਵਿਖੇ ਰੋਡ ਸ਼ੋਅ ਕਰਕੇ ਕਰਨਗੇ ਚੋਣ ਪ੍ਰਚਾਰ
ਪੜ੍ਹੋ, ਪੂਰਾ ਸ਼ਡਿਊਲ
ਚੰਡੀਗੜ੍ਹ, 8ਫਰਵਰੀ(ਵਿਸ਼ਵ ਵਾਰਤਾ)-ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਅੱਜ 8 ਫਰਵਰੀ(ਮੰਗਲਵਾਰ) ਨੂੰ ਜਲੰਧਰ ਦਾ ਦੌਰਾ ਕਰਨ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਚੰਨੀ ਜਲੰਧਰ ‘ਚ ਰੋਡ ਸ਼ੋਅ ਕਰਕੇ ਆਪਣੇ ਉਮੀਦਵਾਰਾਂ ਨਾਲ ਕਾਂਗਰਸ ਦਾ ਚੋਣ ਪ੍ਰਚਾਰ ਕਰਨਗੇ। ਦੱਸ ਦੇਈਏ ਕਿ ਚਰਨਜੀਤ ਚੰਨੀ ਸਭ ਤੋਂ ਪਹਿਲਾਂ ਜਲੰਧਰ ਕੈਂਟ ਪਹੁੰਚਣਗੇ, ਜਿੱਥੋਂ ਉਹ ਸਿੱਧੇ ਰਵਿਦਾਸ ਚੌਂਕ ਜਾਣਗੇ। ਇਸ ਤੋਂ ਬਾਅਦ ਚੰਨੀ ਕਬੀਰ ਮੰਦਰ ਵਿਖੇ ਮੱਥਾ ਟੇਕਣ ਲਈ ਭਾਰਗਵ ਕੈਂਪ ਵੀ ਜਾਣਗੇ। ਇਸ ਸਮੇਂ ਚੰਨੀ ਵੱਲੋਂ ਅਵਤਾਰ ਨਗਰ, ਝੰਡਿਆ ਵਾਲਾ ਪੀਰ, ਫੁੱਟਬਾਲ ਚੌਕ, ਕਪੂਰਥਲਾ ਚੌਕ ਤੋਂ ਹੁੰਦੇ ਹੋਏ ਦੇਵੀ ਤਾਲਾਬ ਤੱਕ ਕੱਢੇ ਜਾ ਰਹੇ ਰੋਡ ਸ਼ੋਅ ਲਈ ਰੂਟ ਪਲਾਨ ਤਿਆਰ ਕੀਤਾ ਜਾ ਰਿਹਾ ਹੈ, ਜਿਸ ਤਹਿਤ ਚੰਨੀ ਜਲੰਧਰ ਵੈਸਟ, ਸੈਂਟਰਲ ਏਰੀਆ ਨੂੰ ਕਵਰ ਕਰਦੇ ਹੋਏ ਚੋਣ ਪ੍ਰਚਾਰ ਕਰਨਗੇ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਵੱਲੋਂ 6ਫਰਵਰੀ( ਐਤਵਾਰ) ਨੂੰ ਲੁਧਿਆਣਾ ਰੈਲੀ ਦੌਰਾਨ ਚੰਨੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਲਈ ਲੁਧਿਆਣਾ ‘ਚ ਰੱਖੀ ਗਈ ਇਸ ਰੈਲੀ ਨੂੰ ਕਾਫੀ ਸਫਲ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸੂਬੇ ‘ਚ ਚੋਣਾਂ ਦੇ ਮੱਦੇਨਜ਼ਰ ਚੰਨੀ ਦੀ ਅਗਵਾਈ ‘ਚ ਕਾਂਗਰਸ ਕਾਫੀ ਸਰਗਰਮ ਹੈ।






















