ਮਸ਼ਹੂਰ ਕਲਾਕਾਰ ਮਾਹੀ ਗਿੱਲ, ਹੋਬੀ ਧਾਲੀਵਾਲ ਭਾਜਪਾ ‘ਚ ਸ਼ਾਮਲ
ਪੰਜਾਬ ‘ਚ ਭਾਜਪਾ ਦੀ ਲਹਿਰ ਬਣ ਰਹੀ ਹੈ: ਖੱਟੜ
ਨੈਤਿਕਤਾ ਦਾ ਦੀਵਾਲੀਆਪਣ ਦਾ ਸਾਹਮਣਾ ਕਰ ਰਹੀ ਹੈ ਕਾਂਗਰਸ: ਸ਼ੇਖਾਵਤ
ਚੰਡੀਗੜ੍ਹ, 7 ਫ਼ਰਵਰੀ(ਵਿਸ਼ਵ ਵਾਰਤਾ) ਮਸ਼ਹੂਰ ਪੰਜਾਬੀ ਅਦਾਕਾਰਾ ਮਾਹੀ ਗਿੱਲ ਅਤੇ ਸੀਨੀਅਰ ਪੰਜਾਬੀ ਕਲਾਕਾਰ ਹੋਬੀ ਧਾਲੀਵਾਲ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਕੇਂਦਰੀ ਮੰਤਰੀ ਤੇ ਪੰਜਾਬ ਇੰਚਾਰਜ ਗਜਿੰਦਰ ਸਿੰਘ ਸ਼ੇਖਾਵਤ ਦੀ ਮੌਜੂਦਗੀ ਹੇਠ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ।
ਦੋਨਾਂ ਅਦਾਕਾਰਾਂ ਦਾ ਪਾਰਟੀ ਚ ਸਵਾਗਤ ਕਰਦਿਆਂ, ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਮਜ਼ਬੂਤ ਲਹਿਰ ਬਣ ਰਹੀ ਹੈ ਅਤੇ ਪਾਰਟੀ ਇੱਥੇ ਸਰਕਾਰ ਬਣਾਉਣ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਗਿੱਲ ਅਤੇ ਧਾਲੀਵਾਲ ਵਰਗੇ ਮਸ਼ਹੂਰ ਤੇ ਨੌਜਵਾਨ ਆਗੂ ਭਾਜਪਾ ਚ ਸ਼ਾਮਿਲ ਹੋਣ ਦਾ ਫ਼ੈਸਲਾ ਕਰ ਰਹੇ ਹਨ, ਜਿਸ ਨਾਲ ਪਾਰਟੀ ਪੰਜਾਬ ਵਿੱਚ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਖਿੱਤਿਆਂ ਵਿਚ ਪ੍ਰਾਪਤੀਆਂ ਹਾਸਲ ਕਰਨ ਵਾਲੇ ਵੱਧ ਤੋਂ ਵੱਧ ਲੋਕ ਭਾਜਪਾ ਚ ਸ਼ਾਮਲ ਹੋ ਰਹੇ ਹਨ, ਕਿਉਂਕਿ ਉਨ੍ਹਾਂ ਦਾ ਦੂਸਰੀ ਸਿਆਸੀ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਮਹਿਸੂਸ ਕੀਤਾ ਕਿ ਉਨ੍ਹਾਂ ਦਾ ਆਪਣਾ ਸੂਬਾ ਪੰਜਾਬ, ਉਨ੍ਹਾਂ ਨੂੰ ਬੁਲਾ ਰਿਹਾ ਹੈ। ਉਹ ਆਪਣੇ ਸੂਬੇ ਦੀ ਸੇਵਾ ਕਰਨੀ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਭਾਜਪਾ ਤੋਂ ਵਧੀਆ ਹੋਰ ਕੋਈ ਪਾਰਟੀ ਨਹੀਂ ਮਿਲੀ। ਐਵਾਰਡ ਹਾਸਲ ਕਰਨ ਵਾਲੀ ਅਦਾਕਾਰਾ ਨੇ ਕਿਹਾ ਕਿ ਉਹ ਵਿਸ਼ੇਸ਼ ਤੌਰ ਤੇ ਪੰਜਾਬ ਵਿੱਚ ਲੜਕੀਆਂ ਵਾਸਤੇ ਕੁਝ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਸਿਰਫ਼ ਭਾਜਪਾ ਵਿਚ ਹੀ ਅਜਿਹਾ ਕਰ ਸਕਦੇ ਹਨ।
ਹੋਬੀ ਧਾਲੀਵਾਲ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਵਾਸਤੇ ਸੋਚ ਤੋਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਮੋਦੀ ਵਰਗਾ ਕੋਈ ਹੋਰ ਆਗੂ ਨਹੀਂ ਹੈ, ਜਿਹੜੇ ਸਿਰਫ਼ ਰਾਸ਼ਟਰ ਅਤੇ ਉਸਦੀ ਬਿਹਤਰੀ ਬਾਰੇ ਸੋਚਦੇ ਹਨ।
ਪੱਤਰਕਾਰਾਂ ਦੇ ਸਵਾਲਾਂ ਜਵਾਬ ਦਿੰਦਿਆਂ ਸ਼ੇਖਾਵਤ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਕਿ ਚਰਨਜੀਤ ਸਿੰਘ ਚੰਨੀ ਨੂੰ ਬਤੌਰ ਮੁੱਖ ਮੰਤਰੀ ਉਮੀਦਵਾਰ ਐਲਾਨਣ ਨਾਲ ਕਾਂਗਰਸ ਲਈ ਕੋਈ ਅੰਤਰ ਨਹੀਂ ਆਉਣ ਵਾਲਾ। ਇਸ ਨਾਲ ਕਾਂਗਰਸ ਪ੍ਰਤੀ ਲੋਕਾਂ ਦੀ ਸੋਚ ਨੂੰ ਹੋਰ ਮਜ਼ਬੂਤੀ ਮਿਲੀ ਹੈ ਕਿ ਪਾਰਟੀ ਵਿੱਚ ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਨੂੰ ਸਿਰਫ਼ ਸਵੀਕਾਰ ਹੀ ਨਹੀਂ ਕੀਤਾ ਜਾਂਦਾ, ਬਲਕਿ ਉਸਦਾ ਇਨਾਮ ਵੀ ਮਿਲਦਾ ਹੈ। ਇਹ ਗੱਲ ਹੁਣ ਪੂਰੀ ਤਰ੍ਹਾਂ ਸਾਬਤ ਹੋ ਚੁੱਕੀ ਹੈ ਕਿ ਕਾਂਗਰਸ ਨੈਤਿਕ ਤੌਰ ਤੇ ਇੰਨੀ ਭ੍ਰਿਸ਼ਟ ਹੋ ਚੁੱਕੀ ਹੈ ਕਿ ਉਸਨੇ ਮੁੱਖ ਮੰਤਰੀ ਉਮੀਦਵਾਰ ਵਜੋਂ ਇਕ ਅਜਿਹਾ ਨਾਂਮ ਪੇਸ਼ ਕੀਤਾ, ਜਿਹੜਾ ਭ੍ਰਿਸ਼ਟਾਚਾਰ ਅਤੇ ਰੇਤ ਮਾਫੀਆ ਨੂੰ ਸ਼ਹਿ ਦੇਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
ਕੇਂਦਰੀ ਮੰਤਰੀ ਨੇ ਖੁਲਾਸਾ ਕੀਤਾ ਕਿ ਵੱਖ-ਵੱਖ ਖਿੱਤਿਆਂ ਨਾਲ ਸਬੰਧਤ ਨਾਮੀ ਲੋਕ ਆਉਂਦੇ ਦਿਨਾਂ ਦੌਰਾਨ ਪਾਰਟੀ ਚ ਸ਼ਾਮਲ ਹੋ ਰਹੇ ਹਨ। ਭਾਜਪਾ ਪੰਜਾਬ ਦੇ ਲੋਕਾਂ ਲਈ ਉਮੀਦ ਬਣ ਕੇ ਉੱਭਰੀ ਹੈ ਅਤੇ ਵੱਡੀ ਗਿਣਤੀ ਚ ਲੋਕ ਇਸ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਜ਼ਮੀਨੀ ਪੱਧਰ ਤੇ ਪੰਜਾਬ ਵਿਚ ਭਾਜਪਾ ਦੇ ਹੱਕ ਵਿਚ ਲਹਿਰ ਚੱਲਣ ਦੀਆਂ ਰਿਪੋਰਟਾਂ ਪ੍ਰਾਪਤ ਹੋ ਰਹੀਆਂ ਹਨ।























