ਅਰੂਸਾ ਆਲਮ ਨੇ ਪੰਜਾਬ ‘ਚ ਕਾਂਗਰਸ ਦੇ ਅੰਦਰ ਚੱਲ ਰਹੀ ਖਿਚੋਤਾਣ ਤੇ ਸਾਧਿਆ ਨਿਸ਼ਾਨਾ
ਨਵਜੋਤ ਸਿੱਧੂ, ਮੁੱਖ ਮੰਤਰੀ ਚੰਨੀ ਤੇ ਵੀ ਕਸਿਆ ਤੰਜ
ਪੜ੍ਹੋ,ਕੈਪਟਨ ਅਮਰਿੰਦਰ ਸਿੰਘ ਬਾਰੇ ਕੀ ਕਿਹਾ ਅਰੂਸਾ ਆਲਮ ਨੇ
ਚੰਡੀਗੜ੍ਹ, 5 ਫਰਵਰੀ(ਵਿਸ਼ਵ ਵਾਰਤਾ)- ਇਕ ਵਾਰ ਫਿਰ ਤੋਂ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਐਂਟਰੀ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਅਰੂਸਾ ਨੇ ਦੱਸਿਆ ਕਿ ਉਹ ਪੰਜਾਬ ਦੀਆਂ ਚੋਣਾਂ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਉਸਨੇ ਪੰਜਾਬ ‘ਚ ਕਾਂਗਰਸ ਦੇ ਅੰਦਰ ਚੱਲ ਰਹੀ ਖਿਚੋਤਾਣ ‘ਤੇ ਨਿਸ਼ਾਨਾ ਸਾਧਿਆ, ਉਸਨੇ ਕਿਹਾ ਕਿ ਕਾਂਗਰਸੀਆਂ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪੈ ਰਹੀ ਹੈ। ਉਸਨੇ ਇਸਨੂੰ ਪੋਏਟਿਕ ਜਸਟਿਸ ਕਿਹਾ।
ਅੱਗੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਰੂਸਾ ਨੇ ਕਿਹਾ ਕਿ ਗੈਰ ਲੋਕਤਾਂਤਰਿਕ ਤਰੀਕੇ ਨਾਲ ਚਰਨਜੀਤ ਚੰਨੀ ਵਰਗਾ ਕਮਜ਼ੋਰ ਮੁੱਖ ਮੰਤਰੀ ਬਣਾਇਆ ਗਿਆ। ਇਸ ਤੋਂ ਇਲਾਵਾ ਅਰੂਸਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਦਿਆਂ ਕਿਹਾ ਕਿ ਕੈਪਟਨ ਸਾਫ ਸੁਥਰੇ ਨੇਤਾ ਹਨ ਤੇ ਸਿਆਸਤ ਨੂੰ ਉਹਨਾਂ ਦੀ ਲੋੜ ਹੈ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਫਾਇਟਰ ਕਿਹਾ। ਅੱਗੇ ਕੈਪਟਨ ਦੇ ਹੱਕ ਵਿੱਚ ਬੋਲਦਿਆਂ ਅਰੂਸਾ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਸੋਚੀ ਸਮਝੀ ਸਾਜ਼ਿਸ਼ ਰਚੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕੀਤਾ। ਇਹ ਗੈਰ-ਜਮਹੂਰੀ ਸੀ। ਪਿਛਲੀਆਂ ਚੋਣਾਂ ਵਿੱਚ ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣਿਆ ਸੀ, ਪਰ ਕਾਂਗਰਸ ਨੇ ਬੇਸ਼ਰਮੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ਵਿੱਚ ਛੁਰਾ ਮਾਰਿਆ।
ਇਸ ਤੋਂ ਬਾਅਦ ਅਰੂਸਾ ਨੇ ਨਵਜੋਤ ਸਿੱਧੂ ਤੇ ਉਹਨਾਂ ਦੀ ਪਤਨੀ ਤੇ ਵੀ ਤੰਜ ਕਸਿਆ।ਅਰੂਸਾ ਆਲਮ ਨੇ ਕਿਹਾ ਕਿ ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਉਨ੍ਹਾਂ ਬਾਰੇ ਜੋ ਮਰਜ਼ੀ ਕਿਹਾ ਹੈ, ਪਰ ਉਨ੍ਹਾਂ ‘ਤੇ ਵੀ ਗੰਭੀਰ ਦੋਸ਼ ਲੱਗ ਰਹੇ ਹਨ। ਕਿਹਾ ਜਾਂਦਾ ਹੈ ਕਿ ਸਿੱਧੂ ਮੁੰਬਈ ਵਿੱਚ ਬੈਠਦੇ ਸਨ ਅਤੇ ਉਨ੍ਹਾਂ ਦਾ ਮੰਤਰਾਲਾ ਨਵਜੋਤ ਕੌਰ ਸਿੱਧੂ ਚਲਾਉਂਦੀ ਸੀ ਤੇ ਉਹ ਪੈਸੇ ਵੀ ਲੈਂਦੀ ਸੀ।























