ਐਕਸਪੈਂਡੀਚਰ ਅਬਜ਼ਰਵਰ ਚੋਣ ਲੜ ਰਹੇ ਉਮੀਦਵਾਰਾਂ ਦੇ ਖਾਤਿਆਂ ਦਾ ਇਹਨਾਂ ਤਰੀਕਾਂ ਨੂੰ ਕਰਨਗੇ ਨਿਰੀਖਣ
ਉਮੀਦਵਾਰਾਂ ਦੇ ਖਾਤਿਆਂ ਦਾ ਚੋਣ ਕਮਿਸ਼ਨ ਵੱਲੋਂ ਤਿਆਰ ਕਰਵਾਏ ਸ਼ੈਡੋ ਰਜਿਸਟਰਾਂ ਨਾਲ ਕੀਤਾ ਜਾਵੇਗਾ ਮਿਲਾਣ
ਨਵਾਂਸ਼ਹਿਰ, 5 ਫਰਵਰੀ(ਵਿਸ਼ਵ ਵਾਰਤਾ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਐਕਸਪੈਂਡੀਚਰ ਅਬਜ਼ਰਵਰ (ਖਰਚਾ ਨਿਗਰਾਨ), ਜੈ ਸ਼ੰਕਰ ਪ੍ਰਕਾਸ਼ ਉਪਾਧਿਆਏ, ਆਈ ਆਰ ਐਸ ਵੱਲੋਂ ਤਿੰਨਾਂ ਵਿਧਾਨ ਸਭਾ ਹਲਕਿਆਂ ਦੇ ਲੜ ਰਹੇ ਸਾਰੇ ਉਮੀਦਵਾਰਾਂ ਦੇ ਖਾਤਿਆਂ ਦੀ ਜਾਂਚ ਕਰਨ ਲਈ ਮਿਤੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ, ਨਵਾਂਸ਼ਹਿਰ ਦੇ ਕਮਰਾ ਨੰਬਰ 101, ਬਲਾਕ ਬੀ ਵਿਖੇ 7, 12 ਅਤੇ 18 ਫਰਵਰੀ ਨੂੰ ਉਮੀਦਵਾਰਾਂ ਵੱਲੋਂ ਤਿਆਰ ਕੀਤੇ ਖਰਚਾ ਰਜਿਸਟਰਾਂ ਦੀ ਚੋਣ ਕਮਿਸ਼ਨ ਵੱਲੋਂ ਤਿਆਰ ਕਰਵਾਏ ਨਾਲ ਸ਼ੈਡੋ ਰਜਿਸਟਰਾਂ ਨਾਲ ਤੁਲਨਾ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ-101, ਬਲਾਕ ਬੀ ਵਿਖੇ 7 ਫਰਵਰੀ ਨੂੰ ਸਵੇਰੇ 9.30 ਤੋਂ 11 ਵਜੇ ਤੱਕ ਬੰਗਾ ਦੇ ਸਮੂਹ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਤੁਲਨਾ ਕੀਤੀ ਜਾਵੇਗੀ। ਨਵਾਂਸ਼ਹਿਰ ਵਿਧਾਨ ਸਭਾ ਹਲਕੇ ਵਾਸਤੇ 11 ਵਜੇ ਤੋਂ 1.30 ਵਜੇ ਤੱਕ ਅਤੇ ਬਲਾਚੌਰ ਵਿਧਾਨ ਸਭਾ ਵਾਸਤੇ ਦੁਪਹਿਰ 2.30 ਤੋਂ ਸ਼ਾਮ 4 ਵਜੇ ਤੱਕ ਵੀ ਇਸੇ ਥਾਂ ’ਤੇ ਖਰਚਾ ਰਜਿਸਟਰਾਂ ਦੀ ਜਾਂਚ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ 12 ਅਤੇ 18 ਫਰਵਰੀ ਨੂੰ ਵੀ ਉਕਤ ਸਮਾਂ ਸਾਰਣੀ ਅਨੁਸਾਰ ਉਕਤ ਥਾਂ ’ਤੇ ਹੀ ਤਿੰਨਾਂ ਹਲਕਿਆਂ ਦੇ ਲਈ ਇਹੀ ਅਭਿਆਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਲਈ ਉਕਤ ਮਿਤੀਆਂ ਨੂੰ ਆਪਣਾ ਖਰਚਾ ਰਜਿਸਟਰ, ਖਰਚੇ ਦੇ ਸਬੂਤਾਂ ਦਾ ਫੋਲਡਰ, ਬੈਂਕ ਖਾਤੇ ਦਾ ਵੇਰਵਾ, ਪਾਸ ਬੁੱਕ ਅਤੇ ਹੋਰ ਲੋੜੀਂਦੇ ਖਰਚਾ ਦਸਤਾਵੇਜ਼ ਨਾਲ ਲਿਆਉਣੇ ਲਾਜ਼ਮੀ ਹੋਣਗੇ।























