ਦੇਸ਼ ਨੂੰ ਹਿਲਾਉਣ ਵਾਲੇ ਮੁੰਬਈ ਲੜੀਵਾਰ ਧਮਾਕਿਆਂ ਦਾ ਮਾਸਟਰ ਮਾਈਂਡ ਦੁਬਈ ਵਿੱਚ ਗ੍ਰਿਫਤਾਰ
ਜਲਦ ਲਿਆਂਦਾ ਜਾਵੇਗਾ ਭਾਰਤ

ਚੰਡੀਗੜ੍ਹ,5 ਫਰਵਰੀ(ਵਿਸ਼ਵ ਵਾਰਤਾ)- ਭਾਰਤੀ ਏਜੰਸੀਆਂ ਨੇ 1993 ਦੇ ਮੁੰਬਈ ਲੜੀਵਾਰ ਧਮਾਕਿਆਂ ਦੇ ਮਾਮਲੇ ਵਿੱਚ ਸ਼ਾਮਲ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਵਿੱਚੋਂ ਇੱਕ ਅਬੂ ਬਕਰ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਉਸਨੂੰ ਯੂਏਈ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ 1993 ਦੇ ਬੰਬ ਧਮਾਕਿਆਂ ਦੇ ਪਿੱਛੇ ਮੁੱਖ ਸਾਜ਼ਿਸ਼ਕਰਤਾਵਾਂ ਵਿੱਚੋਂ ਇੱਕ ਦੱਸਿਆ ਜਾਂਦਾ ਹੈ। 1993 ਵਿੱਚ ਮੁੰਬਈ ਵਿੱਚ ਵੱਖ-ਵੱਖ ਥਾਵਾਂ ਤੇ 12 ਲੜੀਵਾਰ ਬੰਬ ਧਮਾਕੇ ਕੀਤੇ ਗਏ ਸਨ।ਜਿਹਨਾਂ ਨੇ ਮੁੰਬਈ ਸਮੇਤ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹਨਾਂ ਧਮਾਕਿਆਂ ਵਿੱਚ 257 ਲੋਕ ਮਾਰੇ ਗਏ ਸਨ ਅਤੇ 713 ਹੋਰ ਜ਼ਖਮੀ ਹੋ ਗਏ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਰਤੀ ਅਧਿਕਾਰੀ ਉਸਨੂੰ ਦੇਸ਼ ਲਿਆਉਣ ਲਈ ਹਵਾਲਗੀ ਦੀ ਪ੍ਰਕਿਰਿਆ ਵਿੱਚ ਹਨ, ਅਤੇ ਇਹ ਅੱਤਵਾਦੀ, ਜੋ ਕਰੀਬ 29 ਸਾਲਾਂ ਤੋਂ ਭਾਰਤ ਦੀ ਸਭ ਤੋਂ ਵੱਧ ਲੋੜੀਂਦੇ ਸੂਚੀ ਵਿੱਚ ਹੈ, ਆਖਰਕਾਰ ਭਾਰਤ ਵਿੱਚ ਆਉਣ ਤੋਂ ਬਾਅਦ ਕਾਨੂੰਨ ਦਾ ਸਾਹਮਣਾ ਕਰੇਗਾ।ਅਬੂ ਬਕਰ, ਜਿਸਦਾ ਪੂਰਾ ਨਾਮ ਅਬੂ ਬਕਰ ਅਬਦੁਲ ਗਫੂਰ ਸ਼ੇਖ ਹੈ, ਦਾਊਦ ਇਬਰਾਹਿਮ ਦੇ ਦੋ ਪ੍ਰਮੁੱਖ ਲੈਫਟੀਨੈਂਟਾਂ ਮੁਹੰਮਦ ਅਤੇ ਮੁਸਤਫਾ ਦੋਸਾ ਦੇ ਨਾਲ ਤਸਕਰੀ ਵਿੱਚ ਸ਼ਾਮਲ ਸੀ। ਉਹ ਖਾੜੀ ਦੇਸ਼ਾਂ ਤੋਂ ਸੋਨਾ, ਕੱਪੜੇ ਅਤੇ ਇਲੈਕਟ੍ਰੋਨਿਕਸ ਦੀ ਤਸਕਰੀ ਮੁੰਬਈ ਅਤੇ ਹੋਰ ਨੇੜਲੇ ਲੈਂਡਿੰਗ ਸਥਾਨਾਂ ‘ਤੇ ਕਰਦਾ ਸੀ। 1997 ਵਿੱਚ, ਉਸਨੂੰ ਇੱਕ ਰੈੱਡ ਕਾਰਨਰ ਨੋਟਿਸ ਦਿੱਤਾ ਗਿਆ ਸੀ।























