ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਵਿਦਿਆਰਥੀਆਂ ਲਈ ਕੈਂਸਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਫੋਰਟੀਜ਼ ਹਸਪਤਾਲ ਦੇ ਸਹਿਯੋਗ ਨਾਲ ਕੈਂਸਰ ਤੋਂ ਬਚਾਓ ਅਤੇ ਉਸ ਦੀ ਰੋਕਥਾਮ ਦੇ ਤਰੀਕੇ ਸਾਂਝੇ ਕੀਤੇ
ਮੋਹਾਲੀ, 04 ਫਰਵਰੀ(ਵਿਸ਼ਵ ਵਾਰਤਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਦੇਸ਼ ਦੇ ਭਵਿੱਖ ਨੌਜਵਾਨਾਂ ਨੂੰ ਭਾਰਤ ਵਿਚ ਲਗਾਤਾਰ ਪੈਰ ਪਸਾਰ ਰਹੇ ਕੈਂਸਰ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਕੈਂਪਸ ਵਿਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਹ ਵਡਮੁੱਲੀ ਜਾਣਕਾਰੀ ਦੇਣ ਲਈ ਡਾ: ਨਵਲ ਬਾਂਸਲ, ਸਰਜੀਕਲ ਓਨਕੋਲੋਜਿਸਟ, ਫੋਰਟਿਸ ਹੈਲਥ ਕੇਅਰ, ਮੋਹਾਲੀ ਨੇ ਖ਼ਾਸ ਤੌਰ ਤੇ ਸ਼ਿਰਕਤ ਕਰਦੇ ਹੋਏ ਵਿਦਿਆਰਥੀਆਂ ਨਾਲ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਦੀਆਂ ਖਾਣ-ਪੀਣ ਦੀਆਂ ਆਦਤਾਂ ‘ਚ ਸੁਧਾਰ ਲਿਆਉਣ ਲਈ ਪ੍ਰੇਰਨਾ ਦਿਤੀ ।
ਡਾ. ਬਾਂਸਲ ਨੇ ਵਿਦਿਆਰਥੀਆਂ ਨੂੰ ਕੈਂਸਰ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਸਰ ਦੀਆਂ ਕਈ ਕਿਸਮਾਂ ਹਨ ਪਰ ਭਾਰਤ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਸਭ ਤੋਂ ਆਮ ਕੈਂਸਰ ਫੇਫੜੇ, ਛਾਤੀ, ਸਰਵਾਈਕਲ, ਗਰਦਨ, ਦਿਮਾਗ਼ ਅਤੇ ਕੋਲੋਰੈਕਟਲ ਕੈਂਸਰ ਹਨ। ਡਾ. ਨਵਲ ਬਾਂਸਲ ਨੇ ਦੇਸ਼ ਭਰ ਵਿਚ ਕੈਂਸਰ ਦੇ ਕੇਸਾਂ ਦੇ ਮੌਜੂਦਾ ਵੱਧ ਰਹੇ ਅੰਕੜਿਆਂ ਦੇ ਜਰੀਏ ਉਨ੍ਹਾਂ ਨੇ ਸਮਾਜ ਵਿਚ ਜਾਗਰੂਕਤਾ ਫੈਲਾਉਣ ਦੀ ਲੋੜ ਵੱਲ ਧਿਆਨ ਦਿੱਤਾ। ਡਾ. ਬਾਂਸਲ ਅਨੁਸਾਰ ਹਰ ਸਾਲ ਭਾਰਤ 1.1 ਲੱਖ ਕੇਸ ਸਿਰਫ਼ ਛਾਤੀ ਦੇ ਕੈਂਸਰ ਨਾਲ ਸਬੰਧਿਤ ਆਉਂਦੇ ਹਨ ਅਤੇ ਜ਼ਿਆਦਾਤਰ ਕੇਸਾਂ ‘ਚ ਮਰੀਜ਼ ਦੀ ਉਮਰ 20 -30 ਸਾਲ ਹੁੰਦੀ ਹੈ । ਜਦ ਕਿ ਇਸ ਦੇ ਪਿੱਛੇ ਇਕ ਤੰਦਰੁਸਤ ਜੀਵਨ ਨਾ ਜਿਊਣਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ।ਉਨ੍ਹਾਂ ਵਿਦਿਆਰਥੀਆਂ ਨੂੰ ਕੈਂਸਰ ਦੀਆਂ ਵੱਖ-ਵੱਖ ਸਟੇਜਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਸਰ ਦਾ ਮੁੱਢਲੀ ਸਟੇਜ ਤੇ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਬੇਸ਼ੱਕ ਸੰਭਵ ਹੈ ਅਤੇ ਕੈਂਸਰ ਨਾਲ ਸਬੰਧਿਤ ਲੱਛਣ ਵਿਦਿਆਰਥੀਆਂ ਨੂੰ ਦੱਸੇ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਵਧੀਆ ਖ਼ੁਰਾਕ ਬਾਰੇ ਜਾਣਕਾਰੀ ਦਿੰਦੇ ਹੋਏ ਰੋਜ਼ਾਨਾ ਡਾਈਟ ਚਾਰਟ ਬਣਾਉਣ ਦੀ ਸਲਾਹ ਦਿਤੀ ।
ਇਸ ਮੌਕੇ ਤੇ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆਂ ਦੇਣ ਦੇ ਨਾਲ ਨਾਲ ਉਨ੍ਹਾਂ ਦੀ ਸਿਹਤ ਪ੍ਰਤੀ ਵੀ ਜਾਗਰੂਕ ਕਰਨਾ ਜ਼ਰੂਰੀ ਹੈ। ਤਾਂ ਕਿ ਇਹ ਵਿਦਿਆਰਥੀ ਅੱਗੇ ਜਾ ਕੇ ਚੰਗੇ ਅਤੇ ਸਿਹਤਮੰਦ ਨਾਗਰਿਕ ਵਜੋਂ ਸਮਾਜ ਵਿਚ ਵਿਚਰਨ। ਉਨ੍ਹਾਂ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਜਾਂਚ ‘ਚ ਚੰਗੀਆ ਖਾਣ ਪੀਣ ਦੀਆਂ ਆਦਤਾਂ ਅਪਣਾਉਣ ਦੇ ਨਾਲ ਨਾਲ ਸਮੇਂ ਸਮੇਂ ਆਪਣੀ ਸਰੀਰਕ ਜਾਂਚ ਕਰਾਉਣ ਦੀ ਪ੍ਰੇਰਨਾ ਦਿਤੀ ।























