ਅਕਾਲੀ ਬਸਪਾ, ਭਾਜਪਾ, ਲੋਕ ਕਾਂਗਰਸ ਅਤੇ ਕਾਮਰੇਡਾ ਸਮੇਤ 10 ਨੇ ਬੁਢਲਾਡੇ ਵਿਖੇ ਕੀਤੇ ਨਾਮਜ਼ਦਗੀ ਪੱਤਰ ਦਾਖਲ
ਬੁਢਲਾਡਾ, 29 ਜਨਵਰੀ (ਵਿਸ਼ਵ ਵਾਰਤਾ)- ਵਿਧਾਨ ਸਭਾ ਚੋਣਾਂ 2022 ਦੇ ਸੰਬੰਧੀ ਨਾਮਜਦਗੀਆਂ ਦਾਖਲ ਕਰਨ ਦੇ ਅੱਜ ਚੌਥੇ ਦਿਨ ਬੁਢਲਾਡਾ ਵਿਧਾਨ ਸਭਾ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਡਾ. ਨਿਸ਼ਾਨ ਸਿੰਘ, ਸੰਯੁਕਤ ਸਮਾਜ ਦੇ ਕਾਮਰੇਡ ਕ੍ਰਿਸ਼ਨ ਚੋਹਾਨ ਅਤੇ ਭਾਜਪਾ ਲੋਕ ਕਾਂਗਰਸ ਦੇ ਸੂਬੇਦਾਰ ਭੋਲਾ ਸਿੰਘ ਨੇ ਆਪਣੇ ਸਾਥੀਆਂ ਸਮੇਤ ਐਸ.ਡੀ.ਐਮ. ਬੁਢਲਾਡਾ ਕੋਲ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ। ਕਵਰਿੰਗ ਵਜੋਂ ਤਿਨੋ ਉਮੀਦਵਾਰਾਂ ਨੇ ਇੱਕ ਇੱਕ ਹੋਰ ਉਮੀਦਵਾਰਾਂ ਦੇ ਕਾਗਜ ਵੀ ਦਾਖਲ ਕਰਵਾਏ। ਅੱਜ਼ ਤੱਕ ਕੁੱਲ 10 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਕਾਗਜ ਦਾਖਲ ਕਰਵਾਏ ਹਨ। ਐਸ.ਡੀ.ਐਮ. ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਚੋਣਾਂ ਸੰਬੰਧੀ ਨੋਟੀਫਿਕੇਸ਼ਨ 25 ਜਨਵਰੀ ਨੂੰ ਜਾਰੀ ਕੀਤਾ ਗਿਆ ਸੀ ਅਤੇ ਨਾਮਜਦਗੀਆਂ ਦਾਖਲ ਕਰਨ ਦੀ ਆਖੀਰੀ ਤਾਰੀਖ 1 ਫਰਵਰੀ ਹੈ ਜਦੋਂ ਕਿ 30 ਜਨਵਰੀ ਨੂੰ ਜਨਤਕ ਛੁੱਟੀ ਹੋਣ ਕਾਰਨ ਕੋਈ ਨਾਮਜਦਗੀ ਕਾਗਜ ਨਹੀਂ ਲਿਆ ਜਾਵੇਗਾ। ਕਾਗਜਾਂ ਦੀ ਪੜਤਾਲ 2 ਫਰਵਰੀ ਨੂੰ ਹੋਵੇਗੀ ਜਦੋਂਕਿ 4 ਫਰਵਰੀ ਨੂੰ ਨਾਮਜਦਗੀਆਂ ਵਾਪਿਸ ਲਈ ਜਾ ਸਕਦੀ ਹੋਵੇਗੀ। ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਅਪੀਲ ਕੀਤੀ ਉਹ ਆਪਣੇ ਨਾਮਜਦਗੀਆਂ ਕਾਗਜ ਦਾਖਲ ਕਰਵਾਉਣ ਸਮੇਂ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਅਤੇ ਕੋਵਿਡ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ। ਨਾਮਜਦਗੀ ਦਾਖਲ ਕਰਨ ਸਮੇਂ ਅਕਾਲੀ ਦਲ ਦੇ ਸੀਨੀਅਰ ਨੇਤਾ ਠੇਕੇਦਾਰ ਗੁਰਪਾਲ ਸਿੰਘ, ਸ਼ਹਿਰੀ ਪ੍ਰਧਾਨ ਕਰਮਜੀਤ ਸਿੰਘ ਮਾਘੀ, ਅਮਰਜੀਤ ਸਿੰਘ ਕੁਲਾਣਾ, ਜ਼ੋਗਾ ਸਿੰਘ ਬੋਹਾ, ਮਹਿੰਦਰ ਸਿੰਘ ਸੈਦੇਵਾਲਾ ਤੋਂ ਇਲਾਵਾ ਸਮਰਥਕ ਹਾਜਰ ਸਨ। ਇਸੇ ਤਰ੍ਹਾਂ ਸੰਯੁਕਤ ਮੋਰਚੇ ਦੇ ਕ੍ਰਿਸ਼ਨ ਚੋਹਾਨ ਦੇ ਕਾਗਜ ਦਾਖਲ ਕਰਨ ਸਮੇਂ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ, ਕਾਮਰੇਡ ਵੇਦ ਪ੍ਰਕਾਸ਼ ਹਾਜਰ ਸਨ। ਇਸ ਤਰ੍ਹਾਂ ਭਾਜਪਾ ਲੋਕ ਕਾਂਗਰਸ ਦੇ ਉਮੀਦਵਾਰ ਸੂਬੇਦਾਰ ਭੋਲਾ ਸਿੰਘ ਨਾਲ ਉਨ੍ਹਾਂ ਦੀ ਧਰਮ ਪਤਨੀ ਅਤੇ ਭਾਜਪਾ ਦੀ ਲੀਡਰਸ਼ਿਪ ਹਾਜਰ ਸੀ।























