ਪੰਜਾਬ ਦਾ ਪਾਣੀ ਮੁਫ਼ਤ ਵਿੱਚ ਲੈਣ ਵਾਲੀ ਕੇਜਰੀਵਾਲ ਸਰਕਾਰ ਕਿਸਾਨੀ ਅੰਦੋਲਨ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਵੀ ਨਾ ਪਿਲਾ ਸਕੀ: ਰਵਨੀਤ ਬਰਾੜ
“ਕੇਜਰੀਵਾਲ ਪੰਜਾਬ ਦਾ 32 ਹਜਾਰ ਕਰੋੜ ਰੁਪਇਆ ਅਦਾ ਕਰਕੇ 1 ਹਜਾਰ ਦੀਆਂ ਗਰੰਟੀਆਂ ਦੀ ਗੱਲ ਕਰੇ।”
ਮੋਹਾਲੀ, 28 ਜਨਵਰੀ (ਵਿਸ਼ਵ ਵਾਰਤਾ) ਸੰਯੁਕਤ ਸਮਾਜ ਮੋਰਚੇ ਦੇ ਮੋਹਾਲੀ ਤੋਂ ਉਮੀਦਵਾਰ ਰਵਨੀਤ ਬਰਾੜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪਿਛਲੇ 15 ਸਾਲ ਤੋਂ ਦਿੱਲੀ ਸਰਕਾਰ ਪੰਜਾਬ ਤੋਂ ਪਾਣੀ ਮੁਫਤ ਲੈ ਰਹੀ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਇਕ ਸਾਲ ਤੋਂ ਵੱਧ ਸਮੇਂ ਤਕ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਪੰਜਾਬ ਦੇ ਕਿਸਾਨਾਂ ਨੂੰ ਪੀਣ ਵਾਲੇ ਪਾਣੀ ਦਾ ਪ੍ਰਬੰਧ ਤੱਕ ਨਾ ਕਰ ਸਕੀ। ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਮੁੱਲ ਦਾ ਪਾਣੀ ਖਰੀਦ ਕੇ ਵਰਤਣਾ ਪਿਆ।
ਰਵਨੀਤ ਬਰਾਡ਼ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਉਹ ਕਿਸ ਮੂੰਹ ਨਾਲ ਪੰਜਾਬ ਵਿਚ ਆ ਕੇ 1-1 ਹਜਾਰ ਰੁਪਏ ਦੀਆਂ ਗਰੰਟੀਆ ਵੰਡ ਰਹੇ ਹਨ। ਜਦਕਿ ਸੱਚਾਈ ਇਹ ਹੈ ਕਿ ਦਿੱਲੀ ਪਿਛਲੇ 15 ਸਾਲਾਂ ਤੋਂ ਪੰਜਾਬ ਤੋਂ ਮੁਫਤ ਵਿੱਚ ਪਾਣੀ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜੇਕਰ ਪੰਜਾਬ ਦੇ ਪਾਣੀਆਂ ਦਾ ਪੈਸਾ ਹੀ ਪੰਜਾਬ ਨੂੰ ਦੇ ਦੇਣ ਤਾਂ ਬਹੁਤ ਵੱਡੀ ਗੱਲ ਹੋਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਹਿਮਾਚਲ ਪ੍ਰਦੇਸ਼ ਤੋਂ 812 ਕਿਊਸਿਕ ਪਾਣੀ ਲੈਂਦੀ ਹੈ ਜਿਸਦੇ ਲਈ 21 ਕਰੋੜ ਰੁਪਏ ਸਾਲਾਨਾ ਹਿਮਾਚਲ ਪ੍ਰਦੇਸ਼ ਨੂੰ ਦਿੱਤਾ ਜਾਂਦਾ ਹੈ। ਉਸ ਰੇਟ ਦੇ ਹਿਸਾਬ ਨਾਲ ਪੰਜਾਬ ਤੋਂ 1.25 ਲੱਖ ਕਿਊਸਿਕ ਪਾਣੀ ਦਿੱਲੀ ਨੂੰ ਜਾਂਦਾ ਹੈ ਜਿਸ ਦੀ ਕੀਮਤ 32 ਹਜ਼ਾਰ ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਜਰੀਵਾਲ ਪੰਜਾਬ ਦੇ ਪਾਣੀਆਂ ਦੀ ਇਹ ਕੀਮਤ ਤੁਰੰਤ ਅਦਾ ਕਰੇ।
ਬਰਾੜ ਨੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਰਾਘਵ ਚੱਢਾ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਰਾਘਵ ਚੱਢਾ ਪੰਜਾਬ ਆ ਕੇ ਵੱਡੀਆਂ ਵੱਡੀਆਂ ਗੱਲਾਂ ਮਾਰ ਰਹੇ ਹਨ । ਪਰ ਪੰਜਾਬ ਤੋਂ ਮੁਫ਼ਤ ਲਏ ਪਾਣੀ ਬਾਰੇ ਕੋਈ ਗੱਲ ਨਹੀਂ ਕਰਦੇ।
ਬਰਾੜ ਨੇ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਵਿੱਚ ਜ਼ਰਾ ਜਿੰਨੀ ਵੀ ਸ਼ਰਮ ਹੁੰਦੀ ਤਾਂ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਨੂੰ ਮੁੱਲ ਦਾ ਪਾਣੀ ਲੈ ਕੇ ਨਾ ਪੀਣਾ ਪੈਂਦਾ। ਉਨ੍ਹਾਂ ਮੰਗ ਕੀਤੀ ਕਿ ਕੇਜਰੀਵਾਲ ਸਰਕਾਰ ਤੁਰੰਤ ਪੰਜਾਬ ਦੇ ਪਾਣੀਆਂ ਦਾ 32 ਹਜ਼ਾਰ ਕਰੋੜ ਰੁਪਿਆ ਜਾਰੀ ਕਰੇ ਨਹੀਂ ਤਾਂ ਪੰਜਾਬੀਆਂ ਤੋਂ ਵੋਟਾਂ ਦੀ ਆਸ ਨਾ ਰੱਖੇ।






















