ਮੇਰਾ ਟੀਚਾ ਗਲੀਆਂ-ਨਾਲੀਆਂ ਸੜਕਾਂ ਨਹੀਂ, ਸਗੋਂ ਹਲਕੇ ਦੇ ਨੌਜਵਾਨਾਂ ਲਈ ਰੁਜਗਾਰ ਦੇ ਸਾਧਨ ਪੈਦਾ ਕਰਨਾ ਹੈ— ਡਾ. ਰਣਵੀਰ ਮੀਆਂ
ਬੁਢਲਾਡਾ 17 ਜਨਵਰੀ (ਵਿਸ਼ਵ ਵਾਰਤਾ)- 2022 ਦੀਆਂ ਵਿਧਾਨ ਸਭਾ ਚੋਣਾਂ ਦਾ 20 ਫਰਵਰੀ ਦੀਆਂ ਵੋਟਾਂ ਦੇ ਐਲਾਨ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਲਾਰੇ ਅਤੇ ਵਾਅਦਿਆਂ ਦੇ ਨਾਲ ਸਿਆਸੀ ਨੇਤਾਵਾਂ ਦੇ ਨਾਲ ਗਲੀ ਗਲੀ ਢੋਲ ਨਗਾੜੇ ਦੇ ਡੱਗੇ ਦੇ ਨਾਲ ਘਰ ਘਰ ਸੰਪਰਕ ਮੁਹਿੰਮ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਪਰ ਕਾਂਗਰਸ ਪਾਰਟੀ ਵੱਲੋਂ ਆਪਣੇ ਵੱਖਰੇ ਢੰਗ ਨਾਲ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਗਲੀਆਂ—ਨਾਲੀਆਂ ਸੜਕਾਂ, ਪੀਣ ਵਾਲੇ ਪਾਣੀ, ਸੀਵਰੇਜ਼ ਦੀਆਂ ਸਮੱਸਿਆਵਾਂ ਦੇ ਹੱਲ ਵੱਲ ਧਿਆਨ ਦੇਣ ਦੀ ਬਜਾਏ ਰੁਜਗਾਰ, ਉਚੇਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਵਾਧੇ ਤਹਿਤ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਅੱਜ ਕਾਂਗਰਸੀ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆ ਡਾ. ਰਣਵੀਰ ਕੌਰ ਮੀਆਂ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਦਾਦਾ ਜੀ ਮਹਿਰੂਮ ਹਾਕਮ ਸਿੰਘ ਮੀਆਂ ਨੇ ਬੁਢਲਾਡਾ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ 1980 ਤੋਂ 1992 ਤੱਕ ਹਰ ਮੁਸ਼ਕਿਲਾਂ ਦੇ ਹੱਲ ਲਈ ਸਰਕਾਰ ਤੱਕ ਪਹੁੰਚ ਕੀਤੀ। ਉਥੇ ਬੇਅੰਤ ਸਿੰਘ ਦੀ ਸਰਕਾਰ ਸਮੇਂ 1992 ਵਿੱਚ ਬੁਢਲਾਡਾ ਨੂੰ ਸਬ—ਡਵੀਜਨ ਦਾ ਦਰਜਾ ਦਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ਉਥੇ ਸਿੱਖਿਆ ਦੇ ਪ੍ਰਸਾਰ ਲਈ ਜਿਲ੍ਹਾ ਪੱਧਰੀ ਜੇ.ਬੀ.ਟੀ. ਡਾਇਟ ਨੂੰ ਬੁਢਲਾਡਾ ਹਲਕੇ ਦੇ ਪਿੰਡ ਅਹਿਮਦਪੁਰ ਵਿਖੇ ਸਥਾਪਿਤ ਕਰਨ ਲਈ ਵੀ ਸਰਕਾਰ ਨਾਲ ਲੜਾਈ ਲੜੀ ਸੀ।

ਉਨ੍ਹਾਂ ਕਿਹਾ ਕਿ ਬੁਢਲਾਡਾ ਸਬ—ਡਵੀਜਨ ਅੰਦਰ ਸਿਹਤ ਸਹੂਲਤਾਂ ਨੂੰ ਮਜਬੂਤ ਕਰਦਿਆਂ ਪੰਜਾਬ ਦੀ ਚੰਨੀ ਸਰਕਾਰ ਵੱਲੋਂ 35 ਕਰੌੜ ਦੀ ਲਾਗਤ ਨਾਲ ਜੱਚਾ ਬੱਚਾ ਹਸਪਤਾਲ ਦੀ ਸਥਾਪਨਾ ਕੀਤੀ ਉਥੇ ਮਾਨਸਾ ਜਿਲ੍ਹੇ ਦਾ ਸਭ ਤੋਂ ਵੱਡਾ ਆਕਸੀਜਨ ਪਲਾਂਟ ਬੁਢਲਾਡਾ ਵਿਖੇ ਸਥਾਪਿਤ ਕੀਤਾ। ਉਨ੍ਹਾਂ ਹਲਕੇ ਅੰਦਰ ਰੁਜਗਾਰ ਦੇ ਸਾਧਨ ਪੈਦਾ ਕਰਨ ਲਈ ਵੱਖ—ਵੱਖ ਸੰਨਤ ਲਾਉਣ ਦਾ ਯੋਜਨਾ ਨੂੰ ਆਉਣ ਵਾਲੇ ਸਮੇਂ ਵਿੱਚ ਲਾਗੂ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਮੀਆਂ ਪਰਿਵਾਰ ਹਲਕੇ ਲਈ ਨਵਾਂ ਨਹੀਂ ਹੈ। ਇਸ ਮੌਕੇ ਤੇ ਕੌਂਸਲਰ ਨਰੇਸ਼ ਕੁਮਾਰ, ਸਰਪੰਚ ਸਰਬਜੀਤ ਸਿੰਘ ਮੀਆਂ, ਕੌਂਸਲਰ ਬਿੰਦੂ ਬਾਲਾ, ਤਰਜੀਤ ਚਹਿਲ, ਕੌਂਸਲਰ ਹਰਵਿੰਦਰ ਸਿੰਘ ਸਵੀਟੀ, ਹਰਬੰਸ ਸਿੰਘ ਖਿੱਪਲ, ਮਾਰਕਿਟ ਕਮੇਟੀ ਦੇ ਚੇਅਰਮੈਨ ਖੇਮ ਸਿੰਘ ਜਟਾਣਾ, ਅਮਰਨਾਥ ਬਿੱਲੂ, ਗੁਰਪ੍ਰੀਤ ਵਿਰਕ, ਗੁਰਿੰਦਰ ਮੋਹਨ ਆਦਿ ਕਾਂਗਰਸੀ ਵਰਕਰ ਹਾਜਰ ਸਨ।























