ਚੋਣ ਜ਼ਾਬਤਾ ਲੱਗਣ ਕਾਰਨ ਟੈਂਕੀ ਤੋਂ ਉਤਰ ਕੇ ਘਰਾਂ ਨੂੰ ਪਰਤੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ
ਢਾਈ ਮਹੀਨੇ ਚੱਲਿਆ ਮੋਰਚਾ, ਟੈਂਕੀ ਤੇ ਡਟੇ ਰਹੇ ਬੇਰੁਜ਼ਗਾਰਾਂ ਦਾ ਕੀਤਾ ਸਨਮਾਨ
ਚੰਡੀਗੜ੍ਹ/ਜਲੰਧਰ, 11 ਜਨਵਰੀ, 2022: ਸਥਾਨਕ ਬੱਸ ਸਟੈਂਡ ਵਿੱਚ ਪਿਛਲੇ 28 ਅਕਤੂਬਰ ਤੋਂ ਟੈਂਕੀ ਉੱਤੇ ਬੈਠੇ ਬੇਰੁਜ਼ਗਾਰ ਭਾਵੇਂ 9000 ਅਸਾਮੀਆਂ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀ ਮੰਗ ਲੈਕੇ ਆਏ ਸਨ, ਪ੍ਰੰਤੂ ਪੰਜਾਬ ਸਰਕਾਰ ਵੱਲੋਂ ਜਾਰੀ 4161 ਮਾਮੂਲੀ ਅਸਾਮੀਆਂ ਲੈ ਕੇ ਘਰਾਂ ਨੂੰ ਪਰਤ ਗਏ ਹਨ।
ਸਿੱਖਿਆ ਮੰਤਰੀ ਪਰਗਟ ਸਿੰਘ ਦੇ ਸ਼ਹਿਰ ਜਲੰਧਰ ਵਿਖੇ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਉੱਤੇ ਪਿਛਲੇ ਕਰੀਬ ਢਾਈ ਮਹੀਨੇ ਤੋਂ ਬੈਠੇ ਮੁਨੀਸ਼ ਕੁਮਾਰ ਟਾਹਲੀ ਬੋਦਲਾਂ ਅਤੇ ਜਸਵੰਤ ਘੁਬਾਇਆ ਨੂੰ ਚੋਣ ਜਾਬਤਾ ਲਾਗੂ ਹੋਣ ਅਤੇ ਕੁੱਝ ਕੂ ਅਸਾਮੀਆਂ ਦਾ ਇਸ਼ਤਿਹਾਰ ਆਉਣ ਮਗਰੋਂ ਟੈਂਕੀ ਤੋਂ ਉਤਾਰ ਕੇ ਪੂਰੇ ਮਾਣ-ਸਤਿਕਾਰ ਸਹਿਤ ਉਨ੍ਹਾਂ ਦੇ ਪਿੰਡ ਛੱਡਿਆ ਗਿਆ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਘਰ-ਘਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕਰਕੇ ਮੁੱਕਰ ਚੁੱਕੀ ਹੈ।ਹਜ਼ਾਰਾਂ ਦੀ ਗਿਣਤੀ ਵਿਚ ਖਾਲੀ ਪਈਆਂ ਅਸਾਮੀਆਂ ਦੇ ਬਾਵਜੂਦ ਮਹਿਜ਼ 4 ਅਸਾਮੀਆਂ ਦਾ ਅਧੂਰਾ ਇਸ਼ਤਿਹਾਰ ਦੇਕੇ ਧੋਖਾ ਕੀਤਾ ਹੈ। ਜਿਸਦਾ ਹਿਸਾਬ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸੀ ਉਮੀਦਵਾਰ ਵੋਟਾਂ ਮੰਗਣ ਬੇਰੁਜ਼ਗਾਰਾਂ ਦੇ ਘਰਾਂ ਵਿੱਚ ਆਉਣਗੇ, ਉਸ ਵੇਲੇ ਦੋਵੇਂ ਮੁੱਖ ਮੰਤਰੀਆਂ ਅਤੇ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ, ਸਾਬਕਾ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਹੋਏ ਜ਼ਬਰ ਬਾਰੇ ਸਵਾਲ ਕੀਤੇ ਜਾਣਗੇ।
ਇਸ ਮੌਕੇ ਟੈਂਕੀ ਤੋ ਉਤਾਰੇ ਦੋਵੇਂ ਬੇਰੁਜ਼ਗਾਰਾਂ ਯੂਨੀਅਨ ਆਗੂਆਂ ਅਤੇ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ। ਸੰਘਰਸ਼ ਵਿੱਚ ਸਹਿਯੋਗ ਦੇਣ ਵਾਲੀਆਂ ਅਧਿਆਪਕ ਜਥੇਬੰਦੀਆਂ ਡੀ ਟੀ ਐੱਫ, ਭਾਰਤੀ ਕਿਸਾਨ ਯੂਨੀਅਨ ਏਕਤਾ ਰਾਜੇਵਾਲ ਸਮੇਤ ਸਭਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਅਮਨ ਸੇਖਾ, ਸੰਦੀਪ ਗਿੱਲ, ਗਗਨਦੀਪ ਕੌਰ ਭਵਾਨੀਗੜ੍ਹ, ਬਲਰਾਜ ਸਿੰਘ ਫਰੀਦਕੋਟ, ਕੁਲਵੰਤ ਲੋਂਗੋਵਾਲ, ਬਲਕਾਰ ਸਿੰਘ ਮਾਨਸਾ, ਗੁਰਪਰੀਤ ਸਿੰਘ ਬਠਿੰਡਾ, ਹਰਜਿੰਦਰ ਕੌਰ ਗੋਲੀ, ਰਾਜਬੀਰ ਕੌਰ, ਅਲਕਾ, ਰਸਨ ਦੀਪ ਸਿੰਘ ਝਾੜੋਂ, ਸੁਰਿੰਦਰ ਸਿੰਘ, ਰਸ਼ਪਾਲ ਸਿੰਘ, ਹਰਪ੍ਰੀਤ ਸਿੰਘ ਹੈਪੀ, ਰੰਗਾ ਸਿੰਘ, ਜਸਵੰਤ ਘੁਬਾਇਆ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।