ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾਈ ਤੋਂ ਰਾਹਤ,ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 102.50 ਰੁਪਏ ਦੀ ਕਟੌਤੀ
ਚੰਡੀਗੜ੍ਹ,1 ਜਨਵਰੀ(ਵਿਸ਼ਵ ਵਾਰਤਾ)- ਨਵੇਂ ਸਾਲ 2022 ਦੇ ਪਹਿਲੇ ਦਿਨ ਜਨਤਾ ਨੂੰ ਰਾਹਤ ਮਿਲੀ ਹੈ, ਜਾਣਕਾਰੀ ਮੁਤਾਬਕ ਸਰਕਾਰ ਨੇ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 102.50 ਰੁਪਏ ਦੀ ਕਟੌਤੀ ਕੀਤੀ ਹੈ। ਜਿਸ ਕਾਰਨ ਅੱਜ ਤੋਂ ਹੀ ਕਈ ਸ਼ਹਿਰਾਂ ਵਿੱਚ ਇਹ ਦਰਾਂ ਲਾਗੂ ਹੋ ਜਾਣਗੀਆਂ।
ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਹੇ ਵਾਧੇ ਕਾਰਨ ਜਨਤਾ ਪਰੇਸ਼ਾਨ ਸੀ। ਜਿਸ ਨੂੰ ਲੈ ਕੇ ਲੋਕਾਂ ਨੇ ਆਪਣੀ ਨਾਰਾਜ਼ਗੀ ਵੀ ਦਰਜ ਕਰਵਾਈ ਸੀ। ਹੁਣ ਸਰਕਾਰ ਨੇ ਸਾਲ ਦੀ ਸ਼ੁਰੂਆਤ ‘ਚ ਹੀ ਕੁਝ ਰਾਹਤ ਦਿੱਤੀ ਹੈ।ਜਾਣਕਾਰੀ ਮੁਤਾਬਕ ਇਹ ਕਟੌਤੀ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ‘ਚ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਪਹਿਲਾਂ ਦੇ ਮੁਕਾਬਲੇ 102.50 ਰੁਪਏ ਦੀ ਕਟੌਤੀ ਕੀਤੀ ਹੈ। ਹੁਣ ਦਿੱਲੀ ਵਿੱਚ ਸਿਲੰਡਰ ਦੀ ਕੀਮਤ 1998.50 ਰੁਪਏ ਹੋ ਗਈ ਹੈ ਜੋ ਪਹਿਲਾਂ 2101 ਰੁਪਏ ਸੀ।ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ਵਿੱਚ 14.2 ਕਿਲੋ ਦੇ ਗੈਰ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ 899.50 ਰੁਪਏ ਹੈ।






















