ਜਨਰਲ ਵਰਗ ਦੀ ਭੁੱਖ ਹੜਤਾਲ 23ਵੇਂ ਦਿਨ ਵਿਚ ਸ਼ਾਮਿਲ
ਸ਼੍ਰੀ ਚਮਕੌਰ ਸਾਹਿਬ, 18ਦਸੰਬਰ(ਜਤਿੰਦਰ ਪਾਲ ਸਿੰਘ/ਵਿਸ਼ਵ ਵਾਰਤਾ)- ਜਨਰਲ ਵਰਗ ਵਲ਼ੋਂ ਜਨਰਲ ਕੈਟਾਗਰੀ ਕਮਿਸ਼ਨ ਅਤੇ ਜਨਰਲ ਵਰਗ ਭਲਾਈ ਬੋਰਡ ਬਣਾਉਣ ਸੰਬੰਧੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਹਲਕਾ ਸ਼੍ਰੀ ਚਮਕੌਰ ਸਾਹਿਬ ਵਿਖੇ ਚੱਲ ਰਹੀ ਭੁੱਖ ਹੜਤਾਲ ਅੱਜ 23ਵੇਂ ਦਿਨ ਵਿਚ ਸ਼ਾਮਿਲ ਹੋ ਗਈ। ਅੱਜ ਦੀ ਭੁੱਖ ਹੜਤਾਲ ਵਿਚ ਗੁਰਵਿੰਦਰ ਸਿੰਘ ਸੋਢੀ, ਵਿਪਨ ਲੋਟਾ, ਸੰਦੀਪ ਕੁਮਾਰ, ਕੋਮਲ ਕੁਮਾਰ, ਗੌਰਵ ਕੁਮਾਰ ਸ਼ਾਮਿਲ ਹੋਏ। ਫੈਡਰੇਸ਼ਨ ਨੇ ਕਿਹਾ ਕਿ ਹਰ ਵਾਰ ਕੈਬਨਿਟ ਮੀਟਿੰਗਾਂ ਵਿਚ ਜਾਣ ਬੁਝ ਕੇ ਜਨਰਲ ਕੈਟਾਗਰੀ ਲਈ ਮਤਾ ਪਾਸ ਨਾ ਕਰਨਾ ਕਈ ਤਰਾਂ ਦੇ ਸਵਾਲ ਪੈਦਾ ਕਰਦਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨਾਂ ਕਾਰਨ ਅਤੇ ਕੈਬਨਿਟ ਮੀਟਿੰਗ ਵਿਚ ਮਤਾ ਪਾਸ ਨਾ ਹੋਣ ਕਰਕੇ ਹਰ ਜਨਰਲ ਕੈਟਾਗਰੀ ਦੇ ਮਨ ਵਿਚ ‘ਕਿਤੇ ਚੰਨੀ ਬਿਆਨਾਂ ਵਾਲਾ ਮੁੱਖ ਮੰਤਰੀ ਤਾਂ ਨਹੀਂ’ ਵਰਗੀ ਸੋਚ ਪੈਦਾ ਕਰ ਰਿਹਾ ਹੈ। ਇਸ ਕਾਰਨ ਜਨਰਲ ਵਰਗ ਦੇ ਲੋਕਾਂ ਵਿਚ ਗ਼ੁੱਸਾ ਵੀ ਵੱਧ ਰਿਹਾ ਹੈ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਸੱਚੇ ਮਨ ਤੋਂ ਯਤਨ ਕਰ ਰਹੇ ਹਨ ਤਾਂ ਫਿਰ ਮਾਮਲੇ ਨੂੰ ਜਾਣ ਬੁਝ ਕੇ ਕਿਉਂ ਲਟਕਾਇਆ ਜਾ ਰਿਹਾ ਹੈ। ਆਗੂਆਂ ਨੇ ਕਾਂਗਰਸ ਪਾਰਟੀ ਨੂੰ ਸਵਾਲ ਕੀਤਾ ਕਿ ਕਾਂਗਰਸ ਪਾਰਟੀ ਜਾਣ ਬੁੱਝ ਕੇ ਇਸ ਮਸਲੇ ਨੂੰ ਚੋਣ ਜ਼ਾਬਤੇ ਤੱਕ ਉਲਝਾਉਣਾ ਚਾਹੁੰਦੀ ਹੈ। ਆਗੂਆਂ ਨੇ ਕਾਂਗਰਸ ਪਾਰਟੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਨਰਲ ਵਰਗ ਦੀਆਂ ਮੰਗਾਂ ਨੂੰ ਪੂਰੀਆ ਨਾ ਕੀਤੀਆਂ ਗਈਆਂ ਤਾਂ ਕਾਂਗਰਸ ਪਾਰਟੀ ਨੂੰ ਚੋਣਾਂ ਵਿਚ ਇਸ ਦਾ ਖ਼ਮਿਆਜ਼ਾ ਭੁਗਤਣ ਲਈ ਤਿਆਰ ਰਹਿਣ।






















