ਲੋਕ ਸੂਚਨਾ ਅਫਸਰ ‘ਸੂ ਮੋਟੋ ਡੈਕਲਾਰੇਸ਼ਨ’ ਦੀ ਵਿਵਸਥਾ ਤਹਿਤ ਜਿਆਦਾ ਤੋਂ ਜਿਆਦਾ ਜਾਣਕਾਰੀ ਜਨਤਕ ਕਰਨ ਨੂੰ ਤਰਜ਼ੀਹ ਦੇਣ
ਕਪੂਰਥਲਾ ਵਿਖੇ ਸੂਚਨਾ ਕਮਿਸ਼ਨਰ ਵਲੋਂ ਐਕਟ ਨੂੰ ਮੂਲ ਭਾਵਨਾ ਅਨੁਸਾਰ ਲਾਗੂ ਕਰਨ ਲਈ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ
ਕੈਪਸ਼ਨ- ਕਪੂਰਥਲਾ ਦੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸੂਚਨਾ ਕਮਿਸ਼ਨਰ ਸ੍ਰੀ ਖੁਸ਼ਵੰਤ ਸਿੰਘ। ਨਾਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਵੀ ਦਿਖਾਈ ਦੇ ਰਹੇ ਹਨ।
ਕਪੂਰਥਲਾ, 2 ਦਸੰਬਰ(ਵਿਸ਼ਵ ਵਾਰਤਾ)-ਪੰਜਾਬ ਰਾਜ ਸੂਚਨਾ ਕਮਿਸ਼ਨਰ ਸ਼੍ਰੀ ਖੁਸ਼ਵੰਤ ਸਿੰਘ ਨੇ ਸਮੂਹ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ‘ਸੂ ਮੋਟੋ ਡੈਕਲਾਰੇਸ਼ਨ’ (ਵਿਭਾਗਾਂ ਕੋਲ ਮੌਜੂਦ ਜਾਣਕਾਰੀ ਨੂੰ ਆਪਣੇ ਆਪ ਜਨਤਕ ਕਰਨਾ) ਦੀ ਮਦ ਤਹਿਤ ਜਿਆਦਾ ਤੋਂ ਜਿਆਦਾ ਜਾਣਕਾਰੀ ਆਪਣੇ ਆਪ ਜਨਤਕ ਕਰਨ ਤਾਂ ਜੋ ਜਿੱਥੇ ਵਿਭਾਗੀ ਕੰਮਾਂ ਵਿਚ ਹੋਰ ਪਾਰਦਰਸ਼ਤਾ ਆਵੇਗੀ ਉੱਥੇ ਹੀ ਸੂਚਨਾ ਅਧਿਕਾਰ ਐਕਟ ਤਹਿਤ ਸੂਚਨਾ ਮੰਗਣ ਦੇ ਰੁਝਾਨ ਵਿਚ ਵੀ ਕਮੀ ਆਵੇਗੀ।
ਅੱਜ ਇੱਥੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਤੇ ਹੋਰਨਾਂ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਦੌਰਾਨ ਸ਼੍ਰੀ ਖੁਸ਼ਵੰਤ ਸਿੰਘ ਨੇ ਕਿਹਾ ਕਿ ਵਿਭਾਗ ਆਪਣੇ ਆਪ ਹੀ ਜਾਣਕਾਰੀ ਨੂੰ ਜਨਤਕ ਤੌਰ ’ਤੇ ਜਾਰੀ ਕਰਨ ਨੂੰ ਪਹਿਲ ਦੇਣ।
ਉਨ੍ਹਾਂ ਇਹ ਵੀ ਕਿਹਾ ਕਿ ਸਮੂਹ ਵਿਭਾਗ ਆਪੋ ਆਪਣੀ ਵਿਭਾਗੀ ਵੈਬਸਾਇਟ ਉੱਪਰ ਪਹਿਲੀ ਅਪੀਲੀ ਅਥਾਰਟੀ ਤੇ ਹੋਰ ਵੇਰਵੇ ਜ਼ਰੂਰ ਦਰਜ ਕਰਨ, ਤਾਂ ਜੋ ਲੋਕਾਂ ਨੂੰ ਜਾਣਕਾਰੀ ਪ੍ਰਾਪਤ ਕਰਨ ਵਿਚ ਆਸਾਨੀ ਹੋ ਸਕੇ।
ਉਨ੍ਹਾਂ ਕਿਹਾ ਕਿ ਅਨੇੇਕਾਂ ਮਾਮਲਿਆਂ ਵਿਚ ਇਹ ਸਾਹਮਣੇ ਆਇਆ ਹੈ ਕਿ ਪਹਿਲੀ ਅਪੀਲੀ ਅਥਾਰਟੀ ਫੈਸਲੇ ਲੈਣ ਵਿਚ ਸੰਕੋਚ ਕਰਦੀ ਹੈ, ਜਿਸ ਕਾਰਨ ਸੂਚਨਾ ਤੇ ਅਧਿਕਾਰ ਐਕਟ ਦੀ ਭਾਵਨਾ ਨੂੰ ਸੱਟ ਵੱਜਦੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਅਪੀਲੀ ਅਥਾਰਟੀ ਬਿਨੈਕਾਰ ਦੀ ਅਪੀਲ ਉੱਪਰ ਫੈਸਲਾ ਜਰੂਰ ਦੇਵੇ।
ਉਨ੍ਹਾਂ ਵਿਭਾਗਾਂ ਦੇ ਲੋਕ ਸੂਚਨਾ ਅਫਸਰਾਂ ਨੂੰ ਇਹ ਵੀ ਕਿਹਾ ਕਿ ਉਹ ਬਿਨੈਕਾਰ ਵਲੋਂ ਆਰ.ਟੀ.ਆਈ. ਰਾਹੀਂ ਮੰਗੀ ਜਾਣਕਾਰੀ ਦੇਣ ਜਾਂ ਨਾ ਦੇਣ ਬਾਰੇ ਫੈਸਲਾ 30 ਦਿਨ ਦੇ ਅੰਦਰ-ਅੰਦਰ ਜ਼ਰੂਰ ਕਰਨ।
ਸੂਚਨਾ ਕਮਿਸ਼ਨਰ ਵਲੋਂ ਵਿਭਾਗਾਂ ਦੇ ਮੁਖੀਆਂ ਨੂੰ ਸੂਚਨਾ ਅਧਿਕਾਰ ਐਕਟ ਬਾਰੇ ਹੋਰ ਜਾਣਕਾਰੀ ਦੇਣ ਲਈ ਮਗਸੀਪਾ ਰਾਹੀਂ ਸਿਖਲਾਈ ਦੇਣ ਤੇ ਰਿਫਰੈਸ਼ਰ ਕੋਰਸ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਗਏ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਜਿਲ੍ਹਾ ਕਪੂਰਥਲਾ ਅੰਦਰ ਸੂਚਨਾ ਦੇ ਅਧਿਕਾਰ ਐਕਟ ਨੂੰ ਉਸਦੀ ਮੂਲ ਭਾਵਨਾ ਅਨੁਸਾਰ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰੇਕ ਦਫਤਰ ਵਿਖੇ ਲੋਕ ਸੂਚਨਾ ਅਫਸਰ ਦਾ ਨਾਮ, ਪਤਾ ਤੇ ਸੰਪਰਕ ਨੰਬਰ ਬਾਰੇ ਬੋਰਡ ਵੀ ਲਗਾਏ ਗਏ ਹਨ।
ਸੂਚਨਾ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਆਰ.ਟੀ.ਆਈ. ਰਾਹੀਂ ਇਕੋ ਜਾਣਕਾਰੀ ਵਾਰ-ਵਾਰ ਮੰਗਣ ਦੇ ਮਾਮਲਿਆਂ ਸਬੰਧੀ ਕਮਿਸ਼ਨ ਤੱਕ ਪਹੁੰਚ ਕੀਤੀ ਜਾਵੇ ਤਾਂ ਜੋ ਸੂਚਨਾ ਦੇ ਅਧਿਕਾਰ ਐਕਟ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ ਪੀ ਆਂਗਰਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਅਦਿਤਿਆ ਉੱਪਲ , ਐਸ.ਡੀ.ਐਮ. ਡਾ. ਜੈਇੰਦਰ ਸਿੰਘ ਤੇ ਸਮੂਹ ਵਿਭਾਗਾਂ ਦੇ ਲੋਕ ਸੂਚਨਾ ਅਫਸਰ ਹਾਜ਼ਰ ਸਨ।
























