ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਕੱਲ੍ਹ ਮੰਨੀਆਂ ਗਈਆਂ ਕਿਸਾਨੀ ਮੰਗਾਂ ਤੁਰੰਤ ਲਾਗੂ ਕਰਨ ਦਾ ਐਲਾਨ ਕਰਨ ਦੀ ਮੰਗ- ਉਗਰਾਹਾਂ, ਕੋਕਰੀ

ਚੰਡੀਗੜ੍ਹ ,18 ਨਵੰਬਰ (ਵਿਸ਼ਵ ਵਾਰਤਾ ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਸਥਾਨਕ ਰਿਹਾਇਸ਼ ਵਿਖੇ ਬੀਤੇ ਦਿਨੀਂ ਕੱਲ੍ਹ ਸਵੇਰੇ 10 ਵਜੇ ਦੂਜੀ ਵਾਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਰੂਪ ਸਿੰਘ ਛੰਨਾਂ ਅਤੇ ਜਗਤਾਰ ਸਿੰਘ ਕਾਲਾਝਾੜ ਨਾਲ਼ ਕੀਤੀ ਗਈ ਮੀਟਿੰਗ ਵਿੱਚ ਮੰਨੀਆਂ ਗਈਆਂ ਕਿਸਾਨੀ ਮੰਗਾਂ ਨੂੰ ਤੁਰੰਤ ਲਾਗੂ ਕਰਨ ਬਾਰੇ ਅਧਿਕਾਰਤ ਸਰਕਾਰੀ ਬਿਆਨ ਜਾਰੀ ਕਰਨ ਦੀ ਮੰਗ ਜਥੇਬੰਦੀ ਵੱਲੋਂ ਕੀਤੀ ਗਈ ਹੈ। ਇਸ ਸੰਬੰਧੀ ਇੱਥੇ ਸਾਂਝਾ ਬਿਆਨ ਜਾਰੀ ਕਰਦਿਆਂ ਸ੍ਰੀ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਮੰਨੀਆਂ ਗਈਆਂ ਭਖਦੀਆਂ ਮੰਗਾਂ ਵਿੱਚ ਨਰਮੇ ਝੋਨੇ ਤੇ ਹੋਰ ਫ਼ਸਲਾਂ ਦੀ ਤਬਾਹੀ ਦੇ ਮੁਆਵਜ਼ੇ ਦੀ ਉੱਪਰਲੀ ਹੱਦ 12000 ਤੋਂ ਵਧਾ ਕੇ 17000 ਰੁਪਏ ਪ੍ਰਤੀ ਏਕੜ ਕਰਨ ਅਤੇ ਪਹਿਲਾਂ ਵਾਂਗ ਇਸਦਾ 10% ਖੇਤ ਮਜ਼ਦੂਰਾਂ ਨੂੰ ਰੁਜ਼ਗਾਰ ਉਜਾੜੇ ਦਾ ਮੁਆਵਜ਼ਾ ਦੇਣ ਤੋਂ ਇਲਾਵਾ ਦਿੱਲੀ ਟਿਕਰੀ ਮੋਰਚੇ ਵਿੱਚ ਸ਼ਹੀਦ ਹੋਈਆਂ ਔਰਤਾਂ ਨਾਲ ਜ਼ਖ਼ਮੀ ਹੋਈ ਔਰਤ ਨੂੰ ਤਿੰਨ ਲੱਖ ਦਾ ਮੁਆਵਜ਼ਾ ਦੇਣਾ ਵੀ ਸ਼ਾਮਲ ਹੈ। ਅੰਦੋਲਨਕਾਰੀ ਅਤੇ ਪਰਾਲ਼ੀ ਸਾੜਨ ਵਾਲੇ ਕਿਸਾਨਾਂ ਸਿਰ ਮੜ੍ਹੇ ਸਾਰੇ ਪੁਲਿਸ ਕੇਸ ਵਾਪਸ ਲੈਣ; ਝੋਨੇ ਦੀ ਰਹਿੰਦੀ ਖਰੀਦ ਵਿੱਚ ਅਤੇ ਖਰੀਦੇ ਹੋਏ ਝੋਨੇ ਦੀ ਅਦਾਇਗੀ ਵਿੱਚ ਅੜਿੱਚਣਾਂ ਤੁਰੰਤ ਦੂਰ ਕਰਨ ਅਤੇ ਡੀ ਏ ਪੀ ਖਾਦ ਦੀ ਕਮੀ ਤੁਰੰਤ ਪੂਰੀ ਕਰਨ ਦੀਆਂ ਮੰਗਾਂ ਸ਼ਾਮਲ ਸਨ। ਹਾਲਾਂਕਿ ਮੀਟਿੰਗ ਸਮਾਪਤੀ ਮੌਕੇ ਵੀਡੀਓ ਕੈਮਰੇ ਸਾਹਮਣੇ ਸ੍ਰੀ ਚੰਨੀ ਨੇ ਉਪਰੋਕਤ ਵੇਰਵੇ ਬਿਆਨ ਕੀਤੇ ਸਨ, ਪ੍ਰੰਤੂ ਨਾ ਤਾਂ ਇਹ ਵੀਡੀਓ ਸਰਕਾਰ ਨੇ ਜਾਰੀ ਕੀਤੀ ਹੈ ਅਤੇ ਨਾ ਹੀ ਅਧਿਕਾਰਤ ਸਰਕਾਰੀ ਪ੍ਰੈਸ ਬਿਆਨ ਜਾਰੀ ਕੀਤਾ ਹੈ ਜੋ ਨਿਖੇਧੀ ਯੋਗ ਹੈ। ਕਿਉਂਕਿ ਇਸ ਦਾ ਮਤਲਬ ਇਨ੍ਹਾਂ ਮੰਗਾਂ ਨੂੰ ਤੁਰੰਤ ਲਾਗੂ ਕਰਨ ‘ਚ ਬੇਲੋੜੀ ਦੇਰੀ ਬਣਦਾ ਹੈ, ਜਿਹੜੀ ਕਿਸਾਨਾਂ ਮਜ਼ਦੂਰਾਂ ਨੂੰ ਵਾਰਾ ਨਹੀਂ ਖਾਂਦੀ।
ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਸਰਕਾਰੀ ਬਿਆਨ ਅਤੇ ਵੀਡੀਓ ਤੁਰੰਤ ਜਾਰੀ ਕੀਤੇ ਜਾਣ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਹੈ ਕਿ ਕੱਲ੍ਹ ਤੱਕ ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਕਾਂਗਰਸੀ ਆਗੂਆਂ ਦੇ ਘਿਰਾਓ ਦਾ ਅੰਦੋਲਨ ਬਾਦਸਤੂਰ ਜਾਰੀ ਰੱਖਿਆ ਜਾਵੇਗਾ।
ਉਕਤ ਵੀਡੀਓ ਵਿੱਚ ਫਸਲੀ ਤਬਾਹੀ ਦੇ ਮੁਆਵਜ਼ੇ ਦੀ ਉੱਪਰਲੀ ਹੱਦ ਸਰਕਾਰ ਵੱਲੋਂ ਆਪਣੇ ਤੌਰ ‘ਤੇ ਵਧਾਉਣ ਦੀ ਗਲਤ-ਬਿਆਨੀ ਨੂੰ ਦਰੁਸਤ ਕਰਦਿਆਂ ਕਿਸਾਨ ਆਗੂਆਂ ਨੇ ਯਾਦ ਕਰਾਇਆ ਹੈ ਕਿ ਇਹ ਤਾਂ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਵੱਲੋਂ 15 ਦਿਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬੰਗਲੇ ਦਾ ਘਿਰਾਓ ਅਤੇ 5 ਦਿਨ ਬਠਿੰਡਾ ਮਿਨੀ ਸਕੱਤਰੇਤ ਦੇ ਮੁਕੰਮਲ ਘਿਰਾਓ ਵਾਲੇ ਜਥੇਬੰਦੀ ਦੇ ਜਾਨਹੂਲਵੇਂ ਸੰਘਰਸ਼ ਦੀ ਪ੍ਰਾਪਤੀ ਹੈ। ਇਹ ਗਲਤ ਬਿਆਨੀ ਇਸ ਅਹਿਮ ਪ੍ਰਾਪਤੀ ਨੂੰ ਘੱਟੇ ਰੋਲਣ ਦਾ ਯਤਨ ਹੈ,ਜੋ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਪ੍ਰਾਪਤੀਆਂ ਨੂੰ ਤੁਰੰਤ ਲਾਗੂ ਕਰਨ ਦੀ ਜਨਤਕ ਤੌਰ’ਤੇ ਯਕੀਨਦਹਾਨੀ ਤੋਂ ਬਗ਼ੈਰ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਸਮਾਪਤ ਨਹੀਂ ਹੋਵੇਗਾ।






















