ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਦੀ ਸਿਰਮੌਰ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੀ ਯਾਦ ਨੂੰ ਸਮਰਪਿਤ ਵਿਸ਼ੇ ’ਤੇ ਵਿਚਾਰ ਚਰਚਾ ਤੇ ਕਵੀ ਦਰਬਾਰ

ਲੁਧਿਆਣਾਃ 15 ਨਵੰਬਰ(ਵਿਸ਼ਵ ਵਾਰਤਾ)-ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਦੀ ਸਿਰਮੌਰ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੀ ਯਾਦ ਨੂੰ ਸਮਰਪਿਤ ਵਿਸ਼ੇ ’ਤੇ ਵਿਚਾਰ ਚਰਚਾ ਤੇ ਕਵੀ ਦਰਬਾਰ
ਕੀਤਾ ਗਿਆ ।
ਆਰੰਭ ਵਿਚ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਲੁਧਿਆਣਾ ਨੇ ਸਭ ਨੂੰ ਰਸਮੀ ਤੌਰ ’ਤੇ ਜੀ ਆਇਆ ਕਿਹਾ। ਉਨ੍ਹਾਂ ਨੇ ਕਿਹਾ ਕਿ ਸਾਡੀ ਇਸ ਸੰਸਥਾ ਦਾ ਤੇ ਅੰਮ੍ਰਿਤਾ ਪ੍ਰੀਤਮ ਦਾ ਜਨਮ ਅਸਥਾਨ ਇਕ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਂਵਾਲਾ ਦੀ ਧਰਤੀ ਦਾ ਸਬੰਧ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਹੈ ਅਤੇ ਇਸ ਧਰਤੀ ਨੇ ਪੰਜਾਬੀ ਸਾਹਿਤ ਦੇ ਕਈ ਮਹਾਨ ਵਿਦਵਾਨ ਵੀ ਦਿੱਤੇ ਹਨ ਜਿਨ੍ਹਾਂ ਵਿਚ ਕਰਤਾਰ ਸਿੰਘ, ਲੋਕ ਗਾਇਕਾ ਸੁਰਿੰਦਰ ਕੌਰ ਵੀ ਸ਼ਾਮਿਲ ਹੈ।
ਇਸ ਮੌਕੇ ਬੋਲਦਿਆਂ ਉੱਘੇ ਲੇਖਕ ਤੇ ਚਿੰਤਕ ਗੁਲਜ਼ਾਰ ਸਿੰਘ ਸੰਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਅੰਮ੍ਰਿਤਾ ਪ੍ਰੀਤਮ ਨਾਲ ਜੁੜੀਆਂ ਆਪਣੀਆਂ ਕਈ ਨਿੱਜੀ ਤੇ ਸਾਹਿਤਕ ਯਾਦਾਂ ਸ੍ਰੋਤਿਆਂ ਨਾਲ ਸਾਂਝੀਆਂ ਕਰਦਿਆਂ ਕਿਹਾ ਕਿ ਅੰਮ੍ਰਿਤਾ ਪ੍ਰੀਤਮ ਨੂੰ ਮਿਲਣਾ ਤਾਂ ਇੱਕ ਪਾਸੇ ਰਿਹਾ, ਵੇਖਣਾ ਵੀ ਸੁਭਾਗ ਸੀ। ਅੰਮ੍ਰਿਤਾ ਪ੍ਰੀਤਮ ਦੀ ਮੂੰਹ ਬੋਲੀ ਧੀ ਡਾਃ
ਅਮੀਆ ਕੁੰਵਰ ਨੇ ਵੀ ਅੰਮ੍ਰਿਤਾ ਪ੍ਰੀਤਮ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਹੋਇਆਂ ਕਿਹਾ ਕਿ ਪੜ੍ਹਨਾ, ਲਿਖਣਾ ਉਨ੍ਹਾਂ ਲਈ ਇਬਾਦਤ ਵਾਂਗ ਸੀ ।ਉਨ੍ਹਾਂ ਕਿਹਾ ਕਿ ਬਹੁਤੀ ਵਾਰੀ ਪਾਠਕ ਤੇ ਆਲੋਚਕ ਅੰਮ੍ਰਿਤਾ ਦੀ ਬਾਹਰੀ ਦਿੱਖ ਬਾਰੇ ਤਾਂ ਟਿੱਪਣੀਆਂ ਕਰਦੇ ਹਨ ਪਰ ਅੰਮ੍ਰਿਤਾ ਦੇ ਮਨ ਦੀ ਕੋਮਲਤਾ ਨੂੰ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ। ਅੰਮ੍ਰਿਤਾ ਜੀ ਚੰਗੀਆਂ ਲਿਖਤਾਂ ਦੇ ਸਿਰਜਕਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਦੇ ਤਾਂ ਜੋ ਹੋਰ ਸਾਹਿਤ ਸਿਰਜਣਾ ਕਰਨ।ਸੰਚਾਲਨ ਕਰਦਿਆਂ ਪ੍ਰੋਫੈਸਰ ਸ਼ਰਨਜੀਤ ਕੌਰ ਨੇ ਇਸ ਤੋਂ ਬਾਅਦ ਕਵੀ ਦਰਬਾਰ ਦਾ ਆਰੰਭ ਕੀਤਾ ,ਜਿਸ ਵਿਚ ਅੰਮ੍ਰਿਤਾ ਪ੍ਰੀਤਮ ਨੂੰ ਸਿਜਦਾ ਕਰਦਿਆਂ ਮਨਜੀਤ ਇੰਦਰਾ, ਸੁਖਵਿੰਦਰ ਅੰਮ੍ਰਿਤ, ਅਰਤਿੰਦਰ ਸੰਧੂ , ਡਾਃ.ਲਖਵਿੰਦਰ ਜੌਹਲ, ਸਵਰਨਜੀਤ ਸਵੀ , ਡਾਃ ਅਮਰਜੀਤ ਕੌਂਕੇ , ਜਤਿੰਦਰ ਔਲਖ ਸੁਰਿੰਦਰ ਗਿੱਲ ਜੈਪਾਲ,ਤ੍ਰੈਲੋਚਨ ਲੋਚੀ ਤੇ ਗੁਰਭਜਨ ਗਿੱਲ ਨੇ ਵਿਲੱਖਣ ਅੰਦਾਜ਼ ਵਿੱਚ ਆਪੋ ਆਪਣੀਆਂ ਰਚਨਾਵਾਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ ।ਪ੍ਰਧਾਨਗੀ ਭਾਸ਼ਨ ਕਰਦਿਆਂ ਪ੍ਰੋ. ਗੁਰਭਜਨ ਗਿੱਲ ਪ੍ਰਧਾਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਨੇ ਕਿਹਾ ਕਿ ਮਹਾਨ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਜੀ ਦੀ ਦੀ ਯਾਦ ਨੂੰ ਸਮਰਪਿਤ ਵਿਚਾਰ ਚਰਚਾ ਤੇ ਕਵੀ ਦਰਬਾਰ ਕਰਵਾਉਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਮੈਨੂੰ ਵੀ ਨਾਗਮਣੀ ਵਿਚ ਛਪਣ ਦਾ 1973 ਚ ਇੱਕ ਵਾਰ ਸੁਭਾਗ ਪ੍ਰਾਪਤ ਹੋਇਆ ਤੇ ਇਸ ਉਪਰੰਤ ਅੰਮ੍ਰਿਤਾ ਦੀ ਇਕ ਚਿੱਠੀ ਵੀ ਮੈਨੂੰ ਮਿਲੀ। ਉਨ੍ਹਾਂ ਨੇ ਕਿਹਾ ਕਿ ਗੁਜਰਾਂਵਾਲਾ ਦੀਆਂ ਪ੍ਰੋਃ ਦੀਦਾਰ ਸਿੰਘ ਵਰਗੀਆਂ ਕਈ ਮਹਾਨ ਸਖ਼ਸ਼ੀਅਤਾਂ ਦੀ ਸਾਹਿੱਤਕ ਦੇਣ ਨੂੰ ਵੀ ਵਿਚਾਰਨ ਦੀ ਲੋੜ ਹੈ।
ਅਖੀਰ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਰਸਮੀ ਤੌਰ ’ਤੇ ਧੰਨਵਾਦ ਕੀਤਾ। ਸਮੂਹ ਪੰਜਾਬੀ ਵਿਭਾਗ ਤੇ ਕਾਲਜ ਦੇ ਹੋਰ ਅਧਿਆਪਕਾਂ ਨੇ ਉਚੇਚੇ ਤੌਰ ’ਤੇ ਇਸ ਸਮਾਗਮ ਵਿਚ ਭਾਗ ਲਿਆ।






















