ਕਿਸਾਨਾਂ ਦੇ ਜਵਾਬ ਦੇਣ ਦੀ ਬਜਾਏ ਬੌਖਲਾਏ ਅਕਾਲੀ ਆਗੂ : ਬੁਰਜ਼ਗਿੱਲ, ਧਨੇਰ, ਜਗਮੋਹਨ
ਕਿਸਾਨ ‘ਤੇ ਗੋਲੀਬਾਰੀ ਕਰਨ ਅਤੇ ਕਾਰ ਹੇਠ ਦਰੜਨ ਦੀ ਕੋਸ਼ਿਸ਼ ਕਰਨ ਵਾਲ਼ਿਆਂ ਨੂੰ ਕੇਸ ਦਰਜ ਕਰਕੇ ਤੁਰੰਤ ਗ੍ਰਿਫਤਾਰ ਕਰੋ : ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਨੇ ਦਰਜ਼ਨਾਂ ਥਾਵਾਂ ‘ਤੇ ਅਰਥੀ ਫੂਕ ਮੁਜ਼ਾਹਰੇ ਕੀਤੇ
ਅਕਾਲੀ ਦਲ ਦਾ ਆਈ.ਟੀ ਸੈਲ ਵੀ ਬੀਜੇਪੀ ਦੇ ਰਾਹ ਪਿਆ; ਸੋਸ਼ਲ ਮੀਡੀਆ ‘ਤੇ ਕਿਸਾਨ ਆਗੂਆਂ ਨੂੰ ਗਾਲ੍ਹਾਂ ਤੇ ਕੂੜ-ਪ੍ਰਚਾਰ ਦੀ ਭਰਮਾਰ : ਕਿਸਾਨ ਆਗੂ

ਚੰਡੀਗੜ੍ਹ,11 ਨਵੰਬਰ (ਵਿਸ਼ਵ ਵਾਰਤਾ):-ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਨੇ ਦਰਜ਼ਨਾਂ ਥਾਵਾਂ ‘ਤੇ ਰੋਸ-ਮੁਜ਼ਾਹਰੇ ਕੀਤੇ। ਬਰਨਾਲਾ, ਮਹਿਲ ਕਲਾਂ, ਮਾਨਸਾ, ਬੁਢਲਾਡਾ, ਬਰੇਟਾ, ਜਗਰਾਓਂ, ਰਾਮਪੁਰਾ ਸਮੇਤ ਦਰਜ਼ਨਾਂ ਥਾਵਾਂ ‘ਤੇ ਪ੍ਰਦਰਸ਼ਨ ਕੀਤੇ ਗਏ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਪੰਜਾਬ ਦੇ ਫਿਰੋਜ਼ਪੁਰ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਗੋਲੀਆਂ ਚਲਾਉਣ ਵਾਲੇ ਅਕਾਲੀ ਆਗੂਆਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਅੱਜ ਫਿਰੋਜ਼ਪੁਰ ‘ਚ ਚੱਕਾ ਜਾਮ ਕਰਨ ਉਪਰੰਤ ਆਗੂ ਵਰਦੇਵ ਸਿੰਘ ਨੋਨੀ ਮਾਨ ਅਤੇ ਉਸ ਦੇ ਡਰਾਈਵਰ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਐਫਆਈਆਰ ਵਿੱਚ ਇੱਕ ਹੋਰ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਜਤਿੰਦਰ ਸਿੰਘ ਜਿੰਦੂ ਦਾ ਮੁੱਖ ਮੁਲਜ਼ਮ ਵਜੋਂ ਜ਼ਿਕਰ ਨਹੀਂ ਕੀਤਾ ਗਿਆ ਹੈ ਅਤੇ ਕਿਸਾਨ ਮੰਗ ਕਰ ਰਹੇ ਹਨ ਕਿ ਇਸ ਐਫਆਈਆਰ ਵਿੱਚ ਤੁਰੰਤ ਸੁਧਾਰ ਕੀਤਾ ਜਾਵੇ। ਕਿਸਾਨ ਜਥੇਬੰਦੀਆਂ ਵੀ ਇਨ੍ਹਾਂ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਕੋਲੋਂ ਕਿਸਾਨਾਂ ’ਤੇ ਗੋਲੀਆਂ ਚਲਾਉਣ ਲਈ ਵਰਤੇ ਗਏ ਹਥਿਆਰ ਬਰਾਮਦ ਕਰਨ ਦੀ ਮੰਗ ਕਰ ਰਹੀਆਂ ਹਨ।
ਆਗੂਆਂ ਨੇ ਕਿਹਾ ਕਿ ਕੱਲ੍ਹ ਫਿਰੋਜਪੁਰ ਵਿੱਚ ਕਿਸਾਨ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਤੋਂ ਖੇਤੀ ਕਾਨੂੰਨਨਾਂ ਬਾਰੇ ਸਵਾਲ ਪੁੱਛਣ ਲਈ ਇਕੱਠੇ ਹੋਏ ਸਨ। ਸਮਾਗਮ ਖਤਮ ਹੋਣ ਬਾਅਦ ਜਵਾਬ ਦੇਣ ਦਾ ਵਾਅਦਾ ਕਰਕੇ ਕਿਸਾਨਾਂ ਨੂੰ ਦੋ ਘੰਟੇ ਤੱਕ ਰੋਕੀ ਰੱਖਿਆ। ਪਰ ਬਾਅਦ ਵਿੱਚ ਜਵਾਬ ਦੇਣ ਦੀ ਥਾਂ ਇੱਕ ਹੋਰ ਲਖੀਮਪੁਰ ਖੀਰੀ ਵਰਗਾ ਕਾਂਡ ਰਚਣ ਦੀ ਕੋਝੀ ਕੋਸ਼ਿਸ਼ ਕੀਤੀ ਗਈ। ਅਸਲ ਵਿੱਚ ਅੰਦਰੂਨੀ ਤੌਰ ‘ਤੇ ਅਕਾਲੀ ਦਲ ਖੇਤੀ ਕਾਨੂੰਨਾਂ ਦਾ ਸਮਰਥਕ ਹੈ ਅਤੇ ਇਨ੍ਹਾਂ ਦਾ ਵਿਰੋਧ ਕਰਨ ਅਤੇ ਕਿਸਾਨ ਅੰਦੋਲਨ ਦਾ ਹਮਾਇਤੀ ਹੋਣ ਦਾ ਪਾਖੰਡ ਕਰ ਰਿਹਾ ਹੈ। ਅਸੀਂ ਸਿਆਸੀ ਟੋਲੇ ਦੇ ਇਸ ਦੰਭ ਨੂੰ ਨੰਗਾ ਕਰਨ ਲਈ ਉਨ੍ਹਾਂ ਤੋਂ ਸਵਾਲ ਪੁੱਛਦੇ ਅਤੇ ਘੇਰਦੇ ਰਹਾਂਗੇ।
ਕਿਸਾਨ-ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਗੱਜ-ਬੱਜ ਕੇ ਹਮਾਇਤ ਕਰਦੇ ਰਹੇ ਅਕਾਲੀ ਦਲ ਨੂੰ ਅਤੀਤ ਦਾ ਭੂਤ ਸਤਾਉਣ ਲੱਗਿਆ ਹੈ। ਬੌਖਲਾਹਟ ਵਿੱਚ ਆ ਕੇ ਇਹ ਪਾਰਟੀ ਵੀ ਬੀਜੇਪੀ ਵਾਲੇ ਹੱਥਕੰਡਿਆਂ ਉਪਰ ਉਤਰ ਆਈ ਹੈ। ਬੀਜੇਪੀ ਦੇ ਆਈ ਸੈਲ ਵਾਂਗ ਅਕਾਲੀ ਦਲ ਵੀ ਸੋਸ਼ਲ ਮੀਡੀਆ ਦੀ ਵਰਤੋਂ ਕਿਸਾਨ ਆਗੂਆਂ ਨੂੰ ਗਾਲ੍ਹਾਂ ਦੇਣ, ਕਿਰਦਾਰ-ਕੁਸ਼ੀ ਕਰਨ ਅਤੇ ਕੂੜ- ਪ੍ਰਚਾਰ ਲਈ ਕਰਨ ਲੱਗ ਪਿਆ ਹੈ। ਪਿਛਲੇ ਦਿਨਾਂ ਦੌਰਾਨ ਸੋਸ਼ਲ ਮੀਡੀਆ ‘ਤੇ ਅਜਿਹੀਆਂ ਪੋਸਟਾਂ ਦੀ ਭਰਮਾਰ ਰਹੀ ਹੈ। ਅਸੀਂ ਅਕਾਲੀ ਦਲ ਨੂੰ ਚਿਤਾਵਨੀ ਦਿੰਦੇ ਹਾਂ ਕਿ ਉਹ ਇਨ੍ਹਾਂ ਕੋਝੀਆਂ ਕੋਸ਼ਿਸ਼ਾਂ ਤੋਂ ਗੁਰੇਜ਼ ਕਰੇ।