ਸੰਯੁਕਤ ਕਿਸਾਨ ਮੋਰਚਾ: ਧਰਨਿਆਂ ਦਾ 391ਵਾਂ ਦਿਨ
* ਦਿੱਲੀ ਮੋਰਚੇ ਦੇ 11 ਮਹੀਨੇ ਪੂਰੇ : ਅਜੈ ਮਿਸ਼ਰਾ ਟੈਨੀ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਲਈ ਪੰਜਾਬ ਭਰ ‘ਚ 32 ਕਿਸਾਨ-ਜਥੇਬੰਦੀਆਂ ਵੱਲੋਂ ਡੀਸੀ ਅਤੇ ਐਸਡੀਐਮ ਦਫਤਰਾਂ ਮੂਹਰੇ ਧਰਨੇ ਅਤੇ ਰਾਸ਼ਟਰਪਤੀ ਦੇ ਨਾਂ ਮੰਗ-ਪੱਤਰ ਦਿੱਤੇ
* ਬੇਮੌਸਮੀ ਬਾਰਿਸ਼ ਕਾਰਨ ਖੜ੍ਹੀ ਅਤੇ ਮੰਡੀ ‘ਚ ਪਈ ਫਸਲ ਅਤੇ ਗੁਲਾਬੀ ਸੁੰਡੀ ਕਾਰਨ ਤਬਾਹ ਨਰਮੇ ਦੇ ਮੁਆਵਜ਼ੇ ਲਈ ਮੰਗ-
* ਨਵੀਂ ਸਿਰਦਰਦੀ; ਸਰਕਾਰੀ ਖਰੀਦ ਏਜੰਸੀਆਂ ਬਾਅਦ ਸ਼ੈਲਰਾਂ ਵਾਲੇ ਵੀ ਝੋਨੇ ਦੀ ਨਮੀ ਚੈਕ ਕਰਨ ਲੱਗੇ; ਕਾਰਵਾਈ ਤੁਰੰਤ ਬੰਦ ਹੋਵੇ : ਕਿਸਾਨ ਆਗੂ
*ਮੌਸਮ ਤਬਦੀਲੀ ਦੇ ਮੱਦੇਨਜ਼ਰ ਝੋਨਾ-ਖਰੀਦ ਦੇ ਮਾਪਦੰਡ ਨਰਮ ਕੀਤੇ ਜਾਣ: ਕਿਸਾਨ ਆਗੂ
* ਕਿਸਾਨ ਅੰਦੋਲਨ ਦੇ ਸਰਗਰਮ ਸਮੱਰਥਕ ਐਨਆਰਆਈ ਦਰਸ਼ਨ ਧਾਲੀਵਾਲ ਨੂੰ ਏਅਰਪੋਰਟ ਤੋਂ ਵਾਪਸ ਭੇਜਣ ਦੀ ਸਖਤ ਨਿਖੇਧੀ
ਪੰਜਾਬ ਤੋਂ ਦਰਜ਼ਨਾਂ ਜਥੇ ਦਿੱਲੀ-ਮੋਰਚਿਆਂ ਲਈ ਰਵਾਨਾ
ਚੰਡੀਗੜ੍ਹ , 26 ਅਕਤੂਬਰ(ਵਿਸ਼ਵ ਵਾਰਤਾ):- ਸੰਯੁਕਤ ਕਿਸਾਨ ਮੋਰਚਾ ‘ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਪੰਜਾਬ ਭਰ ‘ਚ 108 ਥਾਵਾਂ ‘ਤੇ ਜਾਰੀ ਧਰਨਿਆਂ ‘ਚ ਅੱਜ ਵੱਡੇ ਇਕੱਠ ਵੇਖਣ ਨੂੰ ਮਿਲੇ।
ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਸੱਦੇ ‘ਤੇ ਪੂਰੇ ਸੂਬੇ ‘ਚ ਜਿਲ੍ਹਾ ਅਤੇ ਤਹਿਸੀਲ ਪੱਧਰ ‘ਤੇ ਵੀ ਕੇਂਦਰ-ਸਰਕਾਰ ਖ਼ਿਲਾਫ਼ ਮੁਜ਼ਾਹਰੇ ਹੋਏ। ਕਿਸਾਨ-ਆਗੂਆਂ ਬੂਟਾ ਸਿੰਘ ਬੁਰਜ਼ਗਿੱਲ, ਹਰਮੀਤ ਸਿੰਘ ਕਾਦੀਆਂ, ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਨਿਹਾਲਗੜ, ਮੇਜਰ ਸਿੰਘ ਪੁੰਨਾਂਵਾਲ, ਰੁਲਦੂ ਸਿੰਘ ਮਾਨਸਾ, ਮਨਜੀਤ ਰਾਏ, ਜੰਗਬੀਰ ਸਿੰਘ ਚੌਹਾਨ, ਮੁਕੇਸ਼, ਰਮਿੰਦਰ ਸਿੰਘ ਪਟਿਆਲਾ, ਸੁਰਜੀਤ ਸਿੰਘ ਫੂਲ ਨੇ ਲਖੀਮਪੁਰ-ਖੀਰੀ ਕਾਂਡ ਦੇ ਦੋਸ਼ੀ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਬਰਖਾਸਤ ਅਤੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਜਿਹੜੀ ਪੁਲਿਸ ਇਸ ਦੋਸ਼ੀ ਮੰਤਰੀ ਦੇ ਅਧੀਨ ਕੰਮ ਕਰ ਰਹੀ ਹੈ, ਉਸ ਪੁਲਿਸ ਤੋਂ ਇਹ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਸ ਦੇ ਕਾਤਲ ਪੁੱਤਰ ਵਿਰੁੱਧ ਨਿਰਪੱਖ ਜਾਂਚ ਕਰੇਗੀ। ਇਹ ਸਿਆਸੀ ਅਨੈਤਿਕਤਾ ਦਾ ਸ਼ਿਖਰ ਹੈ ਕਿ ਕਤਲ ਦੇ ਕੇਸ ਦਾ ਸਾਜ਼ਿਸ਼-ਕਰਤਾ ਦੇਸ਼ ਦਾ ਗ੍ਰਹਿ ਮੰਤਰੀ ਵੀ ਹੈ। ਇਸ ਗ੍ਰਹਿ ਰਾਜ ਮੰਤਰੀ ਨੇ ਖੂਨੀ ਕਾਂਡ ਤੋਂ ਇੱਕ ਹਫਤਾ ਪਹਿਲਾਂ ਹੀ ਆਪਣੀ ਖੂਨੀ ਮਨਸ਼ਾ ਦਾ ਸ਼ਰੇਆਮ ਇਜ਼ਹਾਰ ਕਰ ਦਿੱਤਾ ਸੀ। ਅਸੀਂ ਉਸ ਦੀ ਬਰਖਾਸਤਗੀ ਤੇ ਗ੍ਰਿਫਤਾਰੀ ਤੱਕ ਸੰਘਰਸ਼ ਕਰਦੇ ਰਹਾਂਗੇ।
ਅੱਜ ਉਪਰੋਕਤ ਮੰਗਾਂ ਦੀ ਪੂਰਤੀ ਲਈ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਇੱਕ ਮੰਗ-ਪੱਤਰ ਡੀ.ਸੀ ਅਤੇ ਐਸਡੀਐਮ ਰਾਹੀਂ ਰਾਸ਼ਟਰਪਤੀ ਨੂੰ ਭੇਜੇ ਗਏ।
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਹੋਈ ਬੇਮੌਸਮੀ ਬਾਰਿਸ਼ ਕਾਰਨ ਖੜ੍ਹੀਆਂ ਅਤੇ ਮੰਡੀਆਂ ਵਿੱਚ ਪਈ ਫਸਲ ਦਾ ਬਹੁਤ ਨੁਕਸਾਨ ਹੋਇਆ। ਇਸ ਤੋਂ ਇਲਾਵਾ ਪੰਜਾਬ ਦੀ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨੇ ਪੂਰੀ ਫਸਲ ਬਰਬਾਦ ਕਰ ਦਿੱਤੀ ਹੈ।
ਕਿਸਾਨ ਆਗੂ ਨੇ ਪੀੜ੍ਹਤ ਕਿਸਾਨਾਂ ਅਤੇ ਨਰਮਾ ਚੁਗਣ ਵਾਲੇ ਖੇਤ-ਮਜ਼ਦੂਰਾਂ ਨੂੰ ਤੁਰੰਤ ਢੁੱਕਵਾਂ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ।
ਕਿਸਾਨ ਆਗੂਆਂ ਨੇ ਅੱਜ ਇੱਕ ਨਵੀਂ ਸਿਰਦਰਦੀ ਦਾ ਜ਼ਿਕਰ ਕੀਤਾ। ਆਗੂਆਂ ਨੇ ਦੱਸਿਆ ਕਿ ਕੁੱਝ ਮੰਡੀਆਂ ਵਿੱਚੋਂ ਖਬਰਾਂ ਆ ਰਹੀਆਂ ਹਨ ਕਿ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ ਨਮੀ ਚੈਕ ਕਰਨ ਤੋਂ ਬਾਅਦ ਸ਼ੈਲਰ ਮਾਲਕ ਫਿਰ ਤੋਂ ਉਸੇ ਢੇਰੀ ਦੀ ਨਮੀ ਚੈਕ ਕਰਦੇ ਹਨ। ਇਹ ਬਿਲਕੁੱਲ ਗੈਰ-ਕਾਨੂੰਨੀ ਅਤੇ ਕਿਸਾਨਾਂ ਦੇ ਸਿਰ ‘ਤੇ ਇੱਕ ਹੋਰ ਪਰਾਈਵੇਟ ਏਜੰਸੀ ਥੋਪਣ ਦੇ ਤੁੱਲ ਹੈ। ਅਸੀਂ ਅਜਿਹੀ ਅਪਮਾਨ-ਜਨਕ ਕਾਰਵਾਈ ਬਿਲਕੁੱਲ ਬਰਦਾਸ਼ਤ ਨਹੀਂ ਕਰਾਂਗੇ ਅਤੇ ਸਰਕਾਰ ਨੂੰ ਇਸ ਕੋਝੀ ਕਾਰਵਾਈ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਕਰਦੇ ਹਾਂ।
ਬੁਲਾਰਿਆਂ ਨੇ ਕਿਹਾ ਕਿ ਮੌਸਮ ਦੀ ਤਬਦੀਲੀ ਕਾਰਨ ਤਾਪਮਾਨ ਬਹੁਤ ਘਟ ਗਿਆ ਹੈ ਜਿਸ ਕਾਰਨ ਝੋਨੇ ਦੀ 17 ਫੀ ਸਦੀ ਨਮੀ ਵਾਲਾ ਮਾਪਦੰਡ ਦੀ ਪੂਰਤੀ ਬਹੁਤ ਮੁਸ਼ਕਲ ਹੋ ਗਈ ਹੈ। ਆਗੂਆਂ ਨੇ ਮੰਗ ਕੀਤੀ ਕਿ ਨਮੀ ਸਬੰਧੀ ਅਤੇ ਦੂਸਰੇ ਮਾਪਦੰਡ ਨਰਮ ਕਰਕੇ ਝੋਨੇ ਦੀ ਖਰੀਦ ਵਿੱਚ ਤੇਜ਼ੀ ਲਿਆਂਦੀ ਜਾਵੇ।
ਬੁਲਾਰਿਆਂ ਨੇ ਪਿਛਲੇ ਦਿਨੀਂ ਕਿਸਾਨ ਅੰਦੋਲਨ ਦੇ ਸਰਗਰਮ ਸਮਰਥਕ ਅਤੇ ਉਘੇ ਐਨਆਰਆਈ ਦਰਸ਼ਨ ਸਿੰਘ ਧਾਲੀਵਾਲ ਨੂੰ ਦਿੱਲੀ ਏਅਰਪੋਰਟ ਤੋਂ ਹੀ ਅਮਰੀਕਾ ਵਾਪਸ ਭੇਜਣ ਦੇ ਸਰਕਾਰੀ ਫੈਸਲੇ ਦੀ ਸਖਤ ਨਿਖੇਧੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਇੰਨੀਆਂ ਕੋਝੀਆਂ ਤੇ ਅਨੈਤਿਕ ਕਾਰਵਾਈਆਂ ‘ਤੇ ਉਤਰ ਆਈ ਹੈ ਕਿ ਕਿਸਾਨ ਅੰਦੋਲਨ ਦੇ ਐਨਆਰਆਈ ਸਮੱਰਥਕਾਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ। ਸਰਕਾਰ ਅਜਿਹੀਆਂ ਕਾਰਵਾਈਆਂ ਨਾਲ ਕਿਸਾਨ ਅੰਦੋਲਨ ਨੂੰ ਮਿਲ ਰਹੀ ਕੌਮਾਂਤਰੀ ਹਮਾਇਤ ਨੂੰ ਘਟਾ ਨਹੀਂ ਕਰ ਸਕਦੀ।
ਪੰਜਾਬ ਭਰ ‘ਚੋਂ ਦਰਜ਼ਨਾਂ ਜਥੇ ਦਿੱਲੀ ਦੇ ਕਿਸਾਨ ਮੋਰਚਿਆਂ ਦੀ ਮਜ਼ਬੂਤੀ ਲਈ ਰਵਾਨਾ ਹੋਏ।