ਡੇਂਗੂ ਦੇ ਕੇਸਾਂ ਦੀ ਵਧਦੀ ਗਿਣਤੀ ਦਾ ਕਾਰਨ ਜਾਣਨ ਲਈ ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਵੱਲੋਂ ਬਲੌਂਗੀ ਪਿੰਡ ਦਾ ਦੌਰਾ
ਬਲੌਂਗੀ ਵਿਚ ਕਈ ਥਾਈਂ ਪਿਆ ਪਲਾਸਟਿਕ ਦਾ ਕੂੜਾ ਡੇਂਗੂ ਕੇਸਾਂ ਦਾ ਵੱਡਾ ਕਾਰਨ : ਜ਼ਿਲ੍ਹਾ ਸਿਹਤ ਵਿਭਾਗ

ਮੋਹਾਲੀ, 25 ਅਕਤੂਬਰ (ਵਿਸ਼ਵ ਵਾਰਤਾ) : ਡੇਂਗੂ ਬੁਖ਼ਾਰ ਦੇ ਵੱਧ ਰਹੇ ਕੇਸਾਂ ਕਾਰਨ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਵਿਕਰਾਂਤ ਨਾਗਰਾ ਨੇ ਅਪਣੀ ਟੀਮ ਸਮੇਤ ਅੱਜ ਸਥਾਨਕ ਪਿੰਡ ਬਲੌਂਗੀ ਵਿਚ ਵੱਖ-ਵੱਖ ਥਾਵਾਂ ਦਾ ਮੁਆਇਨਾ ਕੀਤਾ। ਜ਼ਿਕਰਯੋਗ ਹੈ ਕਿ ਬਲੌਂਗੀ ਵਿਚ ਡੇਂਗੂ ਬੁਖ਼ਾਰ ਦੇ ਹੁਣ ਤਕ 211 ਕੇਸ ਸਾਹਮਣੇ ਆ ਚੁੱਕੇ ਹਨ। ਡਾ. ਨਾਗਰਾ ਨੇ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਦੇ ਦੌਰੇ ਦਾ ਮੰਤਵ ਇਹ ਪਤਾ ਕਰਨਾ ਸੀ ਕਿ ਇਕੱਲੇ ਬਲੌਂਗੀ ਵਿਚੋਂ ਏਨੇ ਜ਼ਿਆਦਾ ਕੇਸ ਸਾਹਮਣੇ ਕਿਉਂ ਆ ਰਹੇ ਹਨ? ਉਨ੍ਹਾਂ ਦਸਿਆ ਕਿ ਟੀਮ ਨੇ ਦੌਰੇ ਦੌਰਾਨ ਵੇਖਿਆ ਕਿ ਬਲੌਂਗੀ ਵਿਚ ਕਈ ਥਾਵਾਂ ’ਤੇ ਬਹੁਤ ਜ਼ਿਆਦਾ ਗੰਦਗੀ ਫੈਲੀ ਹੋਈ ਹੈ ਖ਼ਾਸਕਰ ਖ਼ਾਲੀ ਬੋਤਲਾਂ, ਡਿਸਪੋਜ਼ਏਬਲ ਗਲਾਸਾਂ ਸਮੇਤ ਪਲਾਸਟਿਕ ਕੂੜਾ ਘਰਾਂ ਦੀਆਂ ਛੱਤਾਂ ਸਮੇਤ ਵੱਖ-ਵੱਖ ਥਾਵਾਂ ’ਤੇ ਖਿੱਲਰਿਆ ਪਿਆ ਹੈ। ਪਲਾਸਟਿਕ ਦਾ ਕੂੜਾ ਮੱਛਰ ਦੇ ਪੈਦਾ ਹੋਣ ਦੀ ਸਭ ਤੋਂ ਢੁਕਵੀਂ ਥਾਂ ਹੈ ਕਿਉਂਕਿ ਖ਼ਾਲੀ ਬੋਤਲਾਂ, ਗਲਾਸਾਂ ਤੇ ਹੋਰ ਚੀਜ਼ਾਂ ਵਿਚ ਮੀਂਹ ਆਦਿ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਵਿਚ ਮੱਛਰ ਪੈਦਾ ਹੋਣਾ ਸੁਭਾਵਕ ਹੈ। ਕਈ ਲੋਕਾਂ ਨੇ ਘਰਾਂ ਵਿਚ ਕਾਫ਼ੀ ਮਾਤਰਾ ਵਿਚ ਪਾਣੀ ਜਮ੍ਹਾਂ ਕੀਤਾ ਹੋਇਆ ਹੈ ਜਿਥੇ ਮੱਛਰ ਦਾ ਲਾਰਵਾ ਇਕੱਠਾ ਹੋ ਰਿਹਾ ਹੈ। ਇਸ ਤੋਂ ਇਲਾਵਾ ਪੁਲਿਸ ਥਾਣੇ ਸਾਹਮਣੇ ਲਗਦੀ ਮੰਡੀ ਵਿਚ ਕਾਫ਼ੀ ਬੁਰਾ ਹਾਲ ਹੈ। ਥਾਣੇ ਦੇ ਸਾਹਮਣੇ ਕਾਫ਼ੀ ਗਿਣਤੀ ਵਿਚ ਕੰਡਮ ਗੱਡੀਆਂ ਖੜੀਆਂ ਹਨ ਜਿਨ੍ਹਾਂ ਵਿਚ ਪਾਣੀ ਇਕੱਠਾ ਹੁੰਦਾ ਰਹਿੰਦਾ ਹੈ ਅਤੇ ਇਹੋ ਮੱਛਰ ਦੇ ਪੈਦਾ ਹੋਣ ਦੀਆਂ ਥਾਵਾਂ ਬਣਦੀਆਂ ਹਨ। ਥਾਣੇ ਦੇ ਅੰਦਰ ਵੀ ਕੰਡਮ ਗੱਡੀਆਂ ਖੜੀਆਂ ਹਨ। ਉਨ੍ਹਾਂ ਕਿਹਾ ਕਿ ਪਲਾਸਟਿਕ ਵੇਸਟ ਜਿੰਨਾ ਜ਼ਿਆਦਾ ਇਕੱਠਾ ਹੋੋਵੇਗਾ, ਸਪੱਸ਼ਟ ਹੈ ਕਿ ਉਨ੍ਹਾਂ ਵਿਚ ਪਾਣੀ ਖੜਾ ਹੋਣ ਨਾਲ ਮੱਛਰ ਪੈਦਾ ਹੋਵੇਗਾ। ਉਨ੍ਹਾਂ ਪਿੰਡ ਦੀ ਪੰਚਾਇਤ ਤੇ ਸਬੰਧਤ ਵਿਭਾਗਾਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੇ ਕੂੜੇ ਨੂੰ ਤੁਰੰਤ ਟਿਕਾਣੇ ਲਾਇਆ ਜਾਵੇ ਅਤੇ ਲੋਕਾਂ ਨੂੰ ਵੀ ਕਿਹਾ ਕਿ ਉਹ ਘਰਾਂ ਵਿਚ ਲੋੜ ਤੋਂ ਵੱਧ ਪਾਣੀ ਇਕੱਠਾ ਨਾ ਕਰਨ। ਕੂਲਰਾਂ, ਪੁਰਾਣੇ ਟਾਇਰਾਂ, ਫ਼ਰਿੱਜਾਂ ਦੀਆਂ ਟਰੇਆਂ, ਗਮਲਿਆਂ ਆਦਿ ਵਿਚ ਪਾਣੀ ਜਮ੍ਹਾਂ ਨਾ ਹੋਣ ਦੇਣ। ਡਾ. ਨਾਗਰਾ ਨੇ ਲੋਕਾਂ ਨੂੰ ਨਿੱਜੀ ਹਸਪਤਾਲਾਂ/ਲੈਬਾਂ ਵਿਚ ਟੈਸਟ ਕਰਾਉਣ ਦੀ ਥਾਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਟੈਸਟ ਕਰਾਉਣ ਲਈ ਆਖਿਆ।
ਡਾ. ਨਾਗਰਾ ਨੇ ਦੁਹਰਾਇਆ ਕਿ ਜ਼ਿਲ੍ਹਾ ਸਿਹਤ ਵਿਭਾਗ ਡੇਂਗੂ ਦੇ ਕੇਸਾਂ ਨੂੰ ਕੰਟਰੋਲ ਕਰਨ ਲਈ ਪੂਰੀ ਵਾਹ ਲਾ ਰਿਹਾ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਇਸ ਮਾਰੂ ਬੀਮਾਰੀ ਤੋਂ ਬਚਾਉਣ ਲਈ ਪੂਰੀ ਤਨਦੇਹੀ ਨਾਲ ਮੈਦਾਨ ਵਿਚ ਡਟੀਆਂ ਹੋਈਆਂ ਹਨ। ਟੀਮ ਨੇ ਅਪਣੇ ਦੌਰੇ ਦੌਰਾਨ ਲੋਕਾਂ ਨੂੰ ਅਪਣੇ ਘਰ ਅਤੇ ਆਲੇ-ਦੁਆਲੇ ਕਿਤੇ ਵੀ ਪਾਣੀ ਨਾ ਖੜਾ ਹੋਣ ਦੇਣ ਦੀ ਅਪੀਲ ਕੀਤੀ ਅਤੇ ਨਾਲ ਹੀ ਹੋਰ ਜ਼ਰੂਰੀ ਸਾਵਧਾਨੀਆਂ ਤੋਂ ਜਾਣੂੰ ਕਰਾਇਆ। ਉਨ੍ਹਾਂ ਕਿਹਾ ਕਿ ਅੱਜਕਲ ਅਜਿਹੇ ਕਪੜੇ ਪਾਏ ਜਾਣ ਜਿਨ੍ਹਾਂ ਨਾਲ ਪੂਰਾ ਸਰੀਰ ਢਕਿਆ ਰਹੇ। ਜੇ ਕੋਈ ਸ਼ੱਕੀ ਡੇਂਗੂ ਪੀੜਤ ਹੈ ਤਾਂ ਤੁਰਤ ਨਜ਼ਦੀਕੀ ਹਸਪਤਾਲ ਵਿਚ ਜਾ ਕੇ ਜਾਂਚ ਕਰਵਾਈ ਜਾਵੇ। ਡੇਂਗੂ ਦੀ ਜਾਂਚ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫ਼ਤ ਹੁੰਦਾ ਹੈ। ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਟੀਮ ਵਿਚ ਹੈਲਥ ਇੰਸਪੈਕਟਰ ਗੁਰਪ੍ਰੀਤ ਸਿੰਘ, ਬਲਜੀਤ ਸਿੰਘ, ਦਵਿੰਦਰ ਸਿੰਘ ਆਦਿ ਸ਼ਾਮਲ ਸਨ।
ਡੇਂਗੂ ਬੁਖ਼ਾਰ ਦੇ ਲੱਛਣ
ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ। ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਸਾਫ਼ ਪਾਣੀ ਵਿਚ ਪਲਦੇ ਹਨ ਜਿਵੇਂ ਕੂਲਰਾਂ ਵਿਚ, ਪਾਣੀ ਦੀਆਂ ਟੈਕੀਆਂ ਵਿਚ, ਫੁੱਲਾਂ ਦੇ ਗਮਲਿਆਂ ਵਿਚ, ਫ਼ਰਿੱਜਾਂ ਪਿੱਛੇ ਲੱਗੀ ਟਰੇਅ ਵਿਚ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਖ਼ਾਲੀ ਪਏ ਟਾਇਰਾਂ ਅਤੇ ਪਾਣੀ ਵਾਲੇ ਢੋਲਾਂ ਆਦਿ ਵਿਚ।
ਵੱਧ ਤੋਂ ਵੱਧ ਪਾਣੀ ਪੀਉ
ਸਿਹਤ ਅਧਿਕਾਰੀ ਨੇ ਕਿਹਾ ਕਿ ਆਮ ਤੌਰ ’ਤੇ ਹਰ ਕਿਸਮ ਦੇ ਬੁਖ਼ਾਰ ਦੌਰਾਨ ਸਰੀਰ ਵਿਚਲੇ ਪਲੇਟਲੈੱਟਸ ਘੱਟ ਜਾਂਦੇ ਹਨ। ਬੱਕਰੀ ਦਾ ਦੁੱਧ, ਕੀਵੀ ਫਲ ਜਾਂ ਨਾਰੀਅਲ ਦਾ ਪਾਣੀ ਵਿਸ਼ੇਸ਼ ਤੌਰ ’ਤੇ ਪਲੇਟਲੈੱਟਸ ਵਧਾਉਣ ਵਿਚ ਸਹਾਈ ਨਹੀਂ ਹੁੰਦੇ। ਮਰੀਜ਼ ਤਰਲ ਪਦਾਰਥਾਂ ਜਿਵੇਂ ਪਾਣੀ, ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ ਆਦਿ ਦਾ ਵੱਧ ਤੋਂ ਵੱਧ ਸੇਵਨ ਕਰੇ ਅਤੇ ਆਰਾਮ ਕਰੇ। ਰੋਜ਼ਾਨਾ ਘੱਟੋ-ਘੱਟ ਦੋ ਲੀਟਰ ਪਾਣੀ ਦਾ ਸੇਵਨ ਕੀਤਾ ਜਾਵੇ ਜੋ ਆਮ ਤੰਦਰੁਸਤ ਵਿਅਕਤੀ ਲਈ ਵੀ ਫ਼ਾਇੰਦੇਮੰਦ ਹੁੰਦਾ ਹੈ। ਤਰਲ ਪਦਾਰਥ ਜਿਥੇ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੋਣ ਦਿੰਦੇ, ਉਥੇ ਸਰੀਰ ਨੂੰ ਜ਼ਰੂਰੀ ਪੋਸ਼ਕ ਵੀ ਦਿੰਦੇ ਹਨ।






















