ਬੇਹੱਦ ਸਾਦੇ ਢੰਗ ਨਾਲ ਹੋਵੇਗਾ ਮੁੱਖ ਮੰਤਰੀ ਚੰਨੀ ਦੇ ਬੇਟੇ ਦਾ ਵਿਆਹ
ਸ਼ਾਹੀ ਰੌਣਕਾਂ ਤੋਂ ਬਣਾਈ ਗਈ ਗਈ ਦੂਰੀ

ਚੰਡੀਗੜ੍ਹ,9 ਅਕਤੂਬਰ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਨਵਜੀਤ ਸਿੰਘ ਦਾ ਵਿਆਹ ਸਮਾਗਮ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ਉਵੇਂ ਹੀ ਵਿਆਹ ਸਮਾਗਮ ਨੂੰ ਲੈ ਕੇ ਅਟਕਲਬਾਜੀਆਂ ਜੋਰਾਂ ਤੇ ਹਨ। ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਮੁੱਖ ਮੰਤਰੀ ਦੇ ਬੇਟੇ ਦਾ ਵਿਆਹ ਸ਼ਾਹੀ ਢੰਗ ਨਾਲ ਹੋਵੇਗਾ, ਪਰ ਖਬਰਾਂ ਅਨੁਸਾਰ ਮੁੱਖ ਮੰਤਰੀ ਇਸ ਸਮਾਗਮ ਨੂੰ ਬੇਹੱਦ ਸਾਦਾ ਰੱਖਣਾ ਚਾਹੁੰਦੇ ਹਨ।
ਵਿਆਹ ਦਾ ਸਮਾਗਮ ਮੋਹਾਲੀ ਦੇ 3ਬੀ2 ਵਿਖੇ ਸਥਿਤ ਗੁਰਦੁਆਰਾ ਸਾਚਾ ਧੰਨ ਵਿਖੇ ਹੋਵੇਗਾ। ਅਨੰਦ ਕਾਰਜ ਦੀ ਰਸਮ ਤੋਂ ਬਾਅਦ ਬਾਰਾਤ ਗੁਰਦੁਆਰਾ ਸਾਹਿਬ ਵਿਖੇ ਹੀ ਲੰਗਰ ਛਕੇਗੀ। ਇਸ ਤੋਂ ਬਾਅਦ ਦੇ ਸਾਰੇ ਪ੍ਰੋਗਰਾਮ ਪਰਿਵਾਰਕ ਮੈਂਬਰਾਂ ਤੱਕ ਹੀ ਸੀਮਿਤ ਰੱਖੇ ਗਏ ਹਨ।
ਚਰਨਜੀਤ ਸਿੰਘ ਚੰਨੀ ਵੱਲੋਂ ਉਹਨਾਂ ਦੇ ਹੀ ਹਮਰੁਤਬਾ ਹਰਿਆਣਾ ਦੇ ਮੁੱਖ ਮੰਤਰੀ ਨੂੰ ਵੀ ਵਿਆਹ ਦਾ ਸੱਦਾ ਦਿੱਤਾ ਗਿਆ ਸੀ। ਪਰ,ਕਿਸੇ ਵੀ ਵੱਡੇ ਨੇਤਾ ਜਾਂ ਵੀਆਈਪੀ ਦੇ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ। ਚੰਨੀ ਪਰਿਵਾਰ ਦੇ ਨੇੜਲੇ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵਿਆਹ ਬਹੁਤ ਸਾਦੇ ਢੰਗ ਨਾਲ ਅਤੇ ਸਿੱਖ ਮਰਿਆਦਾ ਅਨੁਸਾਰ ਹੋਵੇਗਾ ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਢਾਬੇ ਤੇ ਬੈਠ ਕੇ ਚਾਹ ਪੀਣ ,ਵਿਦਿਆਰਥੀਆਂ ਨਾਲ ਸਟੇਜ ਤੇ ਚੜ੍ਹ ਕੇ ਭੰਗੜਾ ਪਾਉਣ ਅਤੇ ਇਕਾਨਮੀ ਕਲਾਸ ਵਿੱਚ ਸਫਰ ਕਰਕੇ ਆਮ ਲੋਕਾਂ ਲਈ ਉਦਾਹਰਣ ਸਿੱਧ ਕਰ ਚੁੱਕੇ ਹਨ।






















