ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਕੀਤੀ ਪ੍ਰੈੱਸ ਕਾਨਫਰੰਸ
ਨਵਜੋਤ ਸਿੱਧੂ ਦੇ ਅਸਤੀਫੇ ਬਾਰੇ ਵੀ ਖੁੱਲ੍ਹ ਕੇ ਬੋਲੇ ਮੁੱਖ ਮੰਤਰੀ
ਬਿਜਲੀ ਦੇ 2 ਕਿਲੋ ਵਾਟ ਤੱਕ ਦੇ ਖਪਤਕਾਰਾਂ ਦਾ ਪਿਛਲਾ ਸਾਰਾ ਬਕਾਇਆ ਕੀਤਾ ਮਾਫ
ਰੇਤ ਮਾਫੀਆ ਦਾ ਜੜ੍ਹ ਤੋਂ ਸਫਾਇਆ ਕਰਨ ਦਾ ਕੀਤਾ ਐਲਾਨ

ਚੰਡੀਗੜ੍ਹ,29 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕੈਬਨਿਟ ਦੀ ਮੀਟਿੰਗ ਵਿੱਚ ਲਏ ਅਹਿਮ ਫੈਸਲੇ ਬਾਰੇ ਦੱਸਿਆ ਕੇ 2 ਕਿਲੋ ਵਾਟ ਤੱਕ ਦੇ ਖਪਤਕਾਰਾਂ ਦੇ ਪਿਛਲੇ ਸਾਰੇ ਬਕਾਏ ਸਰਕਾਰ ਭਰੇਗੀ। ਉਹਨਾਂ ਨੇ ਬਿਲ ਨਾ ਭਰਨ ਦੀ ਸੂਰਤ ਵਿੱਚ ਜਿਨ੍ਹਾਂ ਪਰਿਵਾਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ ਦੇ ਕੁਨੇਕਸ਼ਨ ਬਹਾਲ ਕਰਨ ਦਾ ਵੀ ਐਲਾਨ ਕੀਤਾ ਉਹਨਾਂ ਨੇ ਦੱਸਿਆ ਕਿ ਕੁਨੈਕਸ਼ਨ ਬਹਾਲੀ ਦੀ ਪੂਰੀ ਫੀਸ ਵੀ ਸਰਕਾਰ ਭਰੇਗੀ।
ਦੱਸ ਦਈਏ ਕਿ ਪੰਜਾਬ ਦੇ 80 ਪ੍ਰਤੀਸ਼ਤ ਪਰਿਵਾਰ 2 ਕਿਲੇ ਵਾਟ ਤੱਕ ਬਿਜਲੀ ਦੀ ਖਪਤ ਕਰਦੇ ਹਨ,ਜਿਨ੍ਹਾਂ ਦੀ ਗਿਣਤੀ 55 ਲੱਖ ਦੇ ਕਰੀਬ ਹੈ। ਸਰਕਾਰ ਦੇ ਇਸ ਫੈਸਲੇ ਨਾਲ ਇਹਨਾਂ ਪਰਿਵਾਰਾਂ ਨੂੰ ਸਹੂਲਤ ਹੋਵੇਗੀ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਬਾਰੇ ਵੀ ਗੱਲ ਕੀਤੀ । ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਸਿੱਧੂ ਨੂੰ ਫੋਨ ਕਰਕੇ ਗੱਲਬਾਤ ਲਈ ਬੁਲਾਇਆ ਹੈ। ਦੱਸ ਦਈਏ ਕਿ ਕੱਲ੍ਹ ਅਸਤੀਫਾ ਦੇਣ ਤੋਂ ਬਾਅਦ ਤੋਂ ਹੀ ਵੱਖ ਵੱਖ ਸੀਨੀਅਰ ਆਗੂਆਂ ਅਤੇ ਮੰਤਰੀਆਂ ਨੇ ਸਿੱਧੂ ਦੇ ਘਰ ਜਾ ਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਪੰਜਾਬ ਦੇ ਲੋਕਾਂ ਲਈ ਢੁੱਕਵੇਂ ਫੈਸਲੇ ਹੀ ਲੈਣੇਗੇ,ਜੇਕਰ ਕਿਸੇ ਫੈਸਲੇ ਨਾਲ ਜਨਤਾ ਵਿੱਚ ਗਲਤ ਮੈਸੇਜ ਜਾਂਦਾ ਹੈ ਤਾਂ ਉਹ ਉਸ ਫੈਸਲੇ ਲਈ ਬਜਿੱਦ ਨਹੀਂ ਹਨ।
ਰੇਤ ਮਾਫੀਆ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਬਹੁਤ ਜਲਦੀ ਨਵੀਂ ਪਾਲਿਸੀ ਲੈ ਕੇ ਆ ਰਹੀ ਹੈ ਜਿਸ ਨਾਲ ਰੇਤ ਮਾਫੀਆ ਦਾ ਜੜ ਤੋਂ ਸਫਾਇਆ ਹੋ ਜਾਵੇਗਾ।






















