ਚਰਨਜੀਤ ਸਿੰਘ ਚੰਨੀ ਦਾ ਇਕ ਹੋਰ ਦਲੇਰਾਨਾ ਫੈਸਲਾ
ਪੰਜ ਸੀਨੀਅਰ ਅਧਿਕਾਰੀਆਂ ਨੂੰ ਦਰਕਿਨਾਰ ਕਰਕੇ ਅਨਿਰੁੱਧ ਤਿਵਾੜੀ ਨੂੰ ਲਗਾਇਆ ਪੰਜਾਬ ਦਾ ਮੁੱਖ ਸਕੱਤਰ

ਚੰਡੀਗੜ੍ਹ,23 ਸਤੰਬਰ(ਵਿਸ਼ਵ ਵਾਰਤਾ) ਚਾਰ ਦਿਨਾ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਨੇ ਚੱਲ ਰਹੀਆਂ ਅਟਕਲਾਂ ਨੂੰ ਖਤਮ ਕਰਦਿਆਂ 1990 ਬੈਚ ਦੇ ਆਈਏਐਸ ਅਧਿਕਾਰੀ ਅਨਿਰੁੱਧ ਤਿਵਾੜੀ ਨੂੁੰ ਪੰਜਾਬ ਪ੍ਰਸ਼ਾਸ਼ਨ ਦੇ ਸਭ ਤੋਂ ਉੱਚੇ ਅਹੁਦੇ ਤੇ ਬਿਠਾ ਦਿੱਤਾ ਹੈ। ਉਹਨਾਂ ਨੂੰ 1987 ਬੈਚ ਦੇ ਆਈਏਐਸ ਅਧਿਕਾਰੀ ਵਿੰਨੀ ਮਹਾਜਨ ਦੀ ਜਗ੍ਹਾ ਪੰਜਾਬ ਸਰਕਾਰ ਦੇ ਨਵੇਂ ਮੁੱਖ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ।
ਵਰਨਣਯੋਗ ਹੈ ਕਿ ਉਹਨਾਂ ਤੋਂ ਸੀਨੀਅਰ ਪੰਜ ਆਈਏਐਸ ਅਧਿਕਾਰੀਆਂ, ਜਿਨ੍ਹਾਂ ਵਿੱਚ ਵਿੰਨੀ ਮਹਾਜਨ 1987 ਬੈਚ,ਰਵਨੀਤ ਕੌਰ 1988 ਬੈਚ ,ਸੰਜੇ ਕੁਮਾਰ 1988 ਬੈਚ,ਵਿਜੇ ਕੁਮਾਰ ਜੰਜੂਆ 1989 ਬੈਚ ਅਤੇ ਕ੍ਰਿਪਾ ਸ਼ੰਕਰ ਸਰੋਜ 1989 ਬੈਚ ਨੂੰ ਪੰਜਾਬ ਸਰਕਾਰ ਦੇ ਸਪੈਸ਼ਲ ਚੀਫ ਸੈਕਟਰੀਆਂ ਦੇ ਤੌਰ ਤੇ ਤਰੱਕੀ ਦਿੱਤੀ ਗਈ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ 1990 ਬੈਚ ਦੇ ਇੱਕ ਹੋਰ ਸੀਨੀਅਰ ਆਈਏਐਸ ਅਧਿਕਾਰੀ ਵੀ.ਕੇ ਸਿੰਘ ਜੋ ਕਿ ਕੇਂਦਰ ਵਿੱਚ ਡੈਪੂਟੇਸ਼ਨ ਤੇ ਹਨ ਦਾ ਨਾਮ ਵੀ ਮੁੱਖ ਸਕੱਤਰ ਲਗਾਏ ਜਾਣ ਵਾਲੇ ਅਧਿਕਾਰੀਆਂ ਵਿੱਚ ਪਹਿਲੇ ਨੰਬਰ ਤੇ ਸੀ ,ਪਰ ਅੱਜ ਇਹਨਾਂ ਸਭ ਵੱਡੇ ਨਾਮਾਂ ਨੂੰ ਦਰਕਿਨਾਰ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਨਿਰੁੱਧ ਤਿਵਾੜੀ ਨੂੂੰ ਪੰਜਾਬ ਸਰਕਾਰ ਦਾ ਨਵਾਂ ਮੁੱਖ ਸਕੱਤਰ ਲਗਾ ਦਿੱਤਾ ਹੈ।






















