– ਸੁਨੀਲ ਜਾਖੜ ਦੀ ਅਕਾਲੀ ਦਲ ਨੂੰ ਵੰਗਾਰ, ਪੁੱਛਿਆ ਅਕਾਲੀ ਦਲ ਕਿਸਾਨ ਕਰਜਾ ਮਾਫੀ ਦੇ ਹੱਕ ਜਾਂ ਵਿਰੋਧ ਵਿਚ
– ਸੁਖਬੀਰ ਸਿੰਘ ਬਾਦਲ ਸੱਪਸ਼ਟ ਕਰਨ ਕਿ ਕੀ ਕਿਸਾਨਾਂ ਨੂੰ ਲਾਗਤ ਦਾ ਡੇਢ ਗੁਣਾ ਮੁੱਲ ਮਿਲ ਰਿਹਾ ਹੈ ਜਾਂ ਨਹੀਂ
– ਅਕਾਲੀ ਭਾਜਪਾ ਗਠਜੋੜ ਨੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ 32000 ਕਰੋੜ ਦਾ ਕਰਜ ਲੈ ਕੇ ਸੂਬੇ ਦਾ ਭਵਿੱਖ ਡੋਬਿਆ
– ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਠੱਠੀਆਂ ਮਹੰਤਾਂ ਵਿਖੇ ਇਕ ਵੱਡੀ ਜਨ ਸਭਾ ਨੂੰ ਕੀਤਾ ਸੰਬੋਧਨ
-ਰੈਸਟ ਹਾੳੂਸ ਹਰੀਕੇ ਪੱਤਣ ਪੁੱਜਣ ’ਤੇ ਕਾਂਗਰਸੀ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਵੱਲੋਂ ਜ਼ੋਰਦਾਰ ਸਵਾਗਤ
ਪੱਟੀ, 15 ਫਰਵਰੀ (ਵਿਸ਼ਵ ਵਾਰਤਾ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਨੂੰ ਵੰਗਾਰਿਆਂ ਹੈ ਕਿ ਉਹ ਕੇਂਦਰ ਵਿਚ ਆਪਣੀ ਭਾਈਵਾਲ ਪਾਰਟੀ ਤੋਂ ਗੁਰਦੁਆਰਾ ਸਾਹਿਬ ਦੇ ਲੰਗਰਾਂ ਦਾ ਜੀ.ਐਸ.ਟੀ. ਤੱਕ ਤਾਂ ਮਾਫ ਕਰਵਾ ਨਹੀਂ ਸਕੇ ਉਨ੍ਹਾਂ ਤੋਂ ਪੰਜਾਬ ਦੇ ਹੋਰ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ।
ਅੱਜ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਠੱਠੀਆਂ ਮਹੰਤਾਂ ਵਿਖੇ ਇਕ ਵੱਡੀ ਜਨ ਸਭਾ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਹਰ ਮੁਹਾਜ ਤੇ ਧਰਮ ਦੀ ਗੱਲ ਕਰਦਾ ਹੈ ਪਰ ਇਸ ਨੇ ਆਪਣੀ ਭਾਈਵਾਲੀ ਵਾਲੀ ਐਨ.ਡੀ.ਏ. ਸਰਕਾਰ ਤੋਂ ਗੁਰੂ ਕੇ ਲੰਗਰਾਂ ਤੇ ਲੱਗਣ ਵਾਲੇ ਜੀ.ਐਸ.ਟੀ. ਨੂੰ ਮਾਫ ਕਰਵਾਉਣ ਲਈ ਕੋਈ ਯਤਨ ਨਹੀਂ ਕੀਤਾ ਹੈ।
ਸ੍ਰੀ ਜਾਖੜ ਨੇ ਕਿਹਾ ਕਿ 10 ਸਾਲ ਤੱਕ ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਰਹੀ ਤਦ ਇਸ ਸਰਕਾਰ ਨੇ ਕਿਸਾਨੀ ਕਰਜੇ ਦੀ ਮਾਫੀ ਲਈ ਕੋਈ ਉਪਰਾਲਾ ਨਹੀਂ ਕੀਤਾ ਹੈ ਅਤੇ ਹੁਣ ਜਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕਰਜਾ ਮਾਫੀ ਦੀ ਸਕੀਮ ਐਲਾਣ ਦਿੱਤੀ ਹੈ ਤਾਂ ਕਿਸਾਨ ਭਲਾਈ ਦਾ ਇਹ ਫੈਸਲਾ ਸ੍ਰੋ੍ਰਮਣੀ ਅਕਾਲੀ ਦਲ ਦੇ ਹਜਮ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸਾ ਕਿਸਾਨ ਹਿਤੈਸੀ ਪਾਰਟੀ ਹੋਣ ਦਾ ਦਾਅਵਾ ਕਰਦਾ ਰਿਹਾ ਹੈ ਪਰ ਜਦ ਕਿਸਾਨਾਂ ਦੇ ਹਿੱਤਾਂ ਦੀ ਗੱਲ ਆਉਂਦੀ ਹੈ ਤਾਂ ਇਸ ਪਾਰਟੀ ਦੇ ਆਗੂ ਕਿਸਾਨਾਂ ਦੇ ਹੱਕ ਵਿਚ ਨਹੀਂ ਖੜਦੇ ਹਨ। ਉਨ੍ਹਾਂ ਅਕਾਲੀ ਦਲ ਦੇ ਆਗੂਆਂ ਨੂੰ ਇਸ ਮੁੱਦੇ ਤੇ ਆਪਣਾ ਪੱਖ ਸਪਸ਼ੱਟ ਕਰਨ ਲਈ ਕਿਹਾ ਕਿ ਕੀ ਉਹ ਕਰਜਾ ਮਾਫੀ ਸਕੀਮ ਦੇ ਹੱਕ ਵਿਚ ਹਨ ਜਾਂ ਵਿਰੋਧ ਵਿਚ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਿਧਾਇਕ ਪਿੰਡ ਪਿੰਡ ਜਾ ਕੇ ਇਹ ਯਕੀਨੀ ਬਣਾਉਣਗੇ ਕਿ ਕੋਈ ਵੀ ਯੋਗ ਕਿਸਾਨ ਕਰਜ ਮਾਫੀ ਸਕੀਮ ਤੋਂ ਵਾਂਝਾ ਨਾ ਰਹੇ।
ਸ੍ਰੀ ਜਾਖੜ ਨੇ ਕੇਂਦਰੀ ਬਜਟ ਵਿਚ ਵਿੱਤ ਮੰਤਰੀ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਦਾ ਡੇਢ ਗੁਣਾ ਮੁੱਲ ਦਿੱਤੇ ਜਾਣ ਦੇ ਦਾਅਵੇ ਨੂੰ ਗਲਤ ਕਰਾਰ ਦਿੰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਕਿ ਉਹ ਦੱਸਣ ਕਿ ਕੀ ਅਕਾਲੀ ਦਲ ਕੇਂਦਰ ਸਰਕਾਰ ਦੇ ਇਸ ਦਾਅਵੇ ਨਾਲ ਸਹਿਮਤ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਸੰਸਦ ਵਿਚ ਅਕਾਲੀ ਦੇ ਸਾਂਸਦ ਪਤਾ ਨਹੀਂ ਕਿਸੇ ਅਧਾਰ ਤੇ ਕੇਂਦਰੀ ਬਜਟ ਦੀ ਸਲਾਘਾ ਕਰ ਰਹੇ ਸਨ ਜਦ ਕਿ ਇਹ ਬਜਟ ਦੇਸ਼ ਦੇ ਕਿਸਾਨਾਂ ਨਾਲ ਇਕ ਕੋਝਾ ਮਜਾਕ ਹੈ।
ਸ੍ਰੀ ਜਾਖੜ ਨੇ ਅਕਾਲੀ ਦਲ ਦੀਆਂ ਰੈਲੀਆਂ ਸਬੰਧੀ ਪੱੁੱੱਛੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਕ ਸਾਲ ਪਹਿਲਾਂ ਅਕਾਲੀ ਦਲ ਨੂੰ ਪੰਜਾਬ ਵਿਚੋਂ ਸਮੇਟ ਦਿੱਤਾ ਸੀ ਅਤੇ ਇਸ ਪਾਰਟੀ ਨੂੰ ਵਿਰੋਧੀ ਧਿਰ ਤੱਕ ਬਣਨ ਦਾ ਹੱਕ ਨਹੀਂ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਸ ਪਾਰਟੀ ਦੇ ਲੋਕ ਵਿਰੋਧੀ ਕਿਰਦਾਰ ਕਾਰਨ ਹੀ ਇਸ ਨੂੰ ਨਕਾਰਿਆ ਸੀ।
ਸ੍ਰੀ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਵਿਰਾਸਤ ਵਿਚ ਢਹਿ ਢੇਰੀ ਹੋ ਚੁੱਕੀ ਅਰਥ ਵਿਵਸਥਾ ਮਿਲੀ ਹੈ ਜਿਸ ਨੂੰ ਪਟੜੀ ਤੇ ਲਿਆਂਦਾ ਜਾ ਰਿਹਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਵਿੱਤੀ ਸੰਕਟ ਦਾ ਕਾਰਨ ਪਿੱਛਲੀ ਸਰਕਾਰ ਹੀ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੋ੍ਰਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੀ ਗਿਣਤੀ ਤੋਂ ਸਿਰਫ ਇਕ ਦਿਨ ਪਹਿਲਾਂ ਅਨਾਜ ਦੇ ਖਾਤਿਆਂ ਵਿਚ ਹੋਏ ਹੇਰਫੇਰ ਦੇ 32000 ਕਰੋੜ ਰੁਪਏ ਨੂੰ ਕਰਜੇ ਵਿਚ ਤਬਦੀਲ ਕਰਕੇ ਪੰਜਾਬ ਦਾ ਭਵਿੱਖ ਹਨੇਰੇ ਵਿਚ ਧੱਕ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਤੋਂ ਸਿਰਫ ਇਕ ਦਿਨ ਪਹਿਲਾਂ ਕੰਮਚਲਾਊ ਸਰਕਾਰ ਵੱਲੋਂ ਅਜਿਹਾ ਨੀਤੀਗਤ ਫੈਸਲਾ ਕਰਨ ਦਾ ਇਸ ਸਰਕਾਰ ਨੂੰ ਕੋਈ ਹੱਕ ਨਹੀਂ ਸੀ।
ਸ੍ਰੀ ਜਾਖੜ ਨੇ ਕਿਹਾ ਕਿ ਜਦ ਤੋਂ ਸੂਬੇ ਵਿਚ ਕੈਪਟਨ ਸਰਕਾਰ ਬਣੀ ਹੈ ਪੁਲਿਸ ਨੂੰ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਈ ਖੁੱਲ ਦਿੱਤੀ ਗਈ ਹੈ ਅਤੇ ਪੁਲਿਸ ਵਿਚ ਸਿਆਸੀ ਦਖਲਅੰਦਾਜੀ ਬੰਦ ਹੋ ਗਈ ਹੈ। ਜਿਸ ਕਾਰਨ ਨਸ਼ੇ ਦੀ ਤਸਕਰੀ ਤੇ ਵੱਡੀ ਪੱਧਰ ਤੇ ਰੋਕ ਲੱਗੀ ਹੈ।
ਭਰਵੀਂ ਜਨ ਸਭਾ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਹਰ ਵਾਅਦਾ ਪੂਰਾ ਕਰੇਗੀ। ਉਨ੍ਹ ਨੇ ਕਿਹਾ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਵੇਗਾ। ਉਨ੍ਹਾਂ ਕਿਾ ਕਿ ਪੈਨਸ਼ਨ ਦੀ ਰਾਸ਼ੀ ਵਿਚ ਵਾਧਾ ਕਰ ਦਿੱਤਾ ਗਿਆ ਹੈ ਜਦ ਕਿ ਜਲਦ ਹੀ ਬੇਘਰੇ ਪਰਿਵਾਰਾਂ ਨੂੰ 55 ਮਰਲਿਆਂ ਦੇ ਪਲਾਟ ਦਿੱਤੇ ਜਾਣਗੇ।
ਇਸ ਮੌਕੇ ਹਲਕਾ ਵਿਧਾਇਕ ਸ੍ਰੀ ਹਰਮਿੰਦਰ ਸਿੰਘ ਗਿੱਲ ਨੇ ਮੈਂਬਰ ਪਾਰਲੀਮੈਂਟ ਸ੍ਰੀ ਸੁਨੀਲ ਜਾਖੜ ਦਾ ਹਲਕਾ ਪੱਟੀ ਪਹੁੰਚਣ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਗ਼ਰੀਬਾਂ ਦੀ ਅਸਲ ਹਮਦਰਦ ਸਰਕਾਰ ਹੈ, ਜਿਥੇ ਲੋੜਵੰਦਾਂ ਨੂੰ 5-5 ਮਰਲੇ ਦੇ ਪਲਾਟ, ਬੇਘਰਾਂ ਨੂੰ ਘਰ ਤੇ ਜ਼ਰੂਰਤਮੰਦਾਂ ਦੇ ਘਰਾਂ ਵਿੱਚ ਮੁਫ਼ਤ ਪਖਾਨੇ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਪੱਟੀ ਨੂੰ ਹਰਿਆ-ਭਰਿਆ ਕਰਨ ਲਈ ਪਿੰਡਾਂ ਵਿੱਚ ਸ਼ਾਨਦਾਰ ਪਬਲਿਕ ਪਾਰਕ ਬਣਾਏ ਜਾਣਗੇ ਤੇ ਨੌਜਵਾਨਾਂ ਦੇ ਖੇਡਣ ਵਾਸਤੇ ਗਰਾਉਡਾਂ ਤੇ ਹੈਲਥ ਕਲੱਬਾਂ ਦੀ ਉਸਾਰੀ ਕਰਵਾਈ ਜਾਵੇਗੀ।
ਇਸ ਮੌਕੇ ਹਲਕਾ ਵਿਧਾਇਕ ਤਰਨਤਾਰਨ ਡਾ. ਧਰਮਬੀਰ ਅਗਨੀਹੋਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੇ ਕਿਸਾਨਾਂ ਦੀ ਖੁਸ਼ਹਾਲੀ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਢਾਈ ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮਾਫ ਕੀਤਾ ਗਿਆ ਹੈ। ਰਾਜ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੇਲਿਆਂ ਰਾਹੀਂ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਖੁਸ਼ ਹਨ ਅਤੇ ਪੰਜਾਬ ਸਰਕਾਰ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ।
ਇਸ ਤੋਂ ਪਹਿਲਾਂ ਰੈਸਟ ਹਾੳੂਸ ਹਰੀਕੇ ਪੱਤਣ ਵਿਖੇ ਵਿਧਾਨ ਸਭਾ ਹਲਕਾ ਪੱਟੀ ਦੇ ਵਿਧਾਇਕ ਸ੍ਰੀ ਹਰਮਿੰਦਰ ਸਿੰਘ ਗਿੱਲ, ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਸੀਨੀਅਰ ਕਾਂਗਰਸੀ ਆਗੂ ਸ੍ਰੀ ਅਨੂਪ ਸਿੰਘ ਭੁੱਲਰ, ਗੁਰਮਹਾਂਵੀਰ ਸਿੰਘ ਸਰਹਾਲੀ ਤੇ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਦਾ ਹਲਕੇ ਵਿੱਚ ਪਹੁੰਚਣ ’ਤੇ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ, ਐਸ.ਐਸ.ਪੀ. ਸ੍ਰੀ ਦਰਸ਼ਨ ਸਿੰਘ ਮਾਨ ਤੋਂ ਇਲਾਵਾ ਜਥੇਦਾਰ ਸ੍ਰੀ ਅਮਰੀਕ ਸਿੰਘ, ਸ੍ਰੀ ਵਿਜੈ ਕੁਮਾਰ, ਸ੍ਰੀ ਜੋਗਿੰਦਰਪਾਲ ਬੇਦੀ, ਸ੍ਰੀ ਜਗਬੀਰ ਸਿੰਘ, ਸ੍ਰੀ ਸੋਨੂੰ ਸਿੱਧੂ, ਸ੍ਰੀ ਕਿਰਪਾਲ ਸਿੰਘ ਮਾਨ, ਸ੍ਰੀ ਰੋਹਿਤ ਪੁਰੀ, ਸ੍ਰੀ ਡਾ. ਮਨਜੀਤ ਸਿੰਘ ਮਰਹਾਣਾ, ਸ੍ਰੀ ਸੁਰਿੰਦਰ ਮਲਹੋਤਰਾ, ਸ੍ਰੀ ਕਾਬਲ ਸਿੰਘ, ਸ੍ਰੀ ਪਰਮਜੀਤ ਸਿੰਘ ਤੋਂ ਇਲਾਵਾ ਕਾਂਗਰਸੀ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।