ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਹੁਸ਼ਿਆਰਪੁਰ ਵਿਖੇ ਰੱਖਿਆ ਸਰਕਾਰੀ ਕਾਲਜ ਦਾ ਨੀਂਹ ਪੱਥਰ
ਦੇਖੋ,ਕਿਸ ਮਹਾਨ ਸਖ਼ਸ਼ੀਅਤ ਦੇ ਨਾਮ ਤੇ ਰੱਖਿਆ ਜਾਵੇਗਾ ਕਾਲਜ ਦਾ ਨਾਮ

ਹੁਸ਼ਿਆਰਪੁਰ,13 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹੁਸ਼ਿਆਰਪੁਰ ਦੇ ਚੱਬੇਵਾਲ ਦੇ ਪਿੰਡ ਮੁਖਨਿਆਨਾ ਵਿਖੇ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਕੈਪਟਨ ਨੇ ਕਾਲਜ ਦਾ ਨਾਮ ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਬੀ ਆਰ ਅੰਬੇਡਕਰ ਦੇ ਨਾਮ ਤੇ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਇੱਕ ਸਮਾਗਮ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਲਜ ਦੀ ਸਥਾਪਨਾ ਨਾਲ ਇਲਾਕੇ ਵਿੱਚ ਖੇਤਰੀ ਗਿਆਨ-ਵਿਗਿਆਨ ਅਤੇ ਤਕਨੀਕੀ ਜਾਣਕਾਰੀ ਨੂੰ ਹੁਲਾਰਾ ਮਿਲੇਗਾ । ਉਹਨਾਂ ਕਿਹਾ ਕਿ ਕੰਢੀ ਇਲਾਕੇ ਦੀ ਆਪਣੀ ਵਿਸ਼ੇਸ਼ ਭੂਗੋਲਿਕ ਅਤੇ ਜਲਵਾਯੂ ਦੀ ਸਥਿਤੀ ਹੈ ਅਤੇ ਕਿਸਮਾਂ ਵੀ ਖੋਜ ਤੋਂ ਲੈ ਕੇ ਕਾਸ਼ਤ ਦੀਆਂ ਵਿਧੀਆਂ ਤੱਕ ਇਸ ਇਲਾਕੇ ਦੇ ਹਾਲਾਤ ਅਨੁਸਾਰ ਨਵੀਆਂ ਤਕਨੀਕਾਂ ਦੀ ਖੋਜ ਦੀ ਲੋਡ਼ ਹੈ । ਮੁੱਖ ਮੰਤਰੀ ਨੇ ਪੰਜਾਬ ਵੱਲੋਂ ਖੇਤੀ ਦੇ ਖੇਤਰ ਵਿੱਚ ਪਾਏ ਯੋਗਦਾਨ ਅਤੇ ਪੀ.ਏ.ਯੂ. ਦੇ ਇਸ ਦਿਸ਼ਾ ਵਿੱਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਅਤੇ ਕਿਸਾਨੀ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਰਹੀ ਹੈ । ਉਹਨਾਂ ਕਿਹਾ ਕਿ ਕੰਢੀ ਦੇ ਪੱਛਡ਼ੇ ਇਲਾਕੇ ਵਿੱਚ ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਸ਼ੁਰੂ ਹੋਣ ਨਾਲ ਜਿੱਥੇ ਇੱਕ ਪਾਸੇ ਯੂਨੀਵਰਸਿਟੀ ਦਾ ਖੇਤੀ ਗਿਆਨ ਪੇਂਡੂ ਇਲਾਕਿਆਂ ਤੱਕ ਪਹੁੰਚੇਗਾ ਉੱਥੇ ਸਿੱਖਿਆ ਦੇ ਖੇਤਰ ਵਿੱਚ ਜਾਗਰੂਕਤਾ ਪੈਦਾ ਹੋਵੇਗੀ । ਇਸ ਕਾਲਜ ਤੋਂ ਬੀ ਐੱਸ ਸੀ ਐਗਰੀਕਲਚਰ ਕਰਨ ਵਾਲੇ ਬੱਚੇ ਪਾਣੀ ਦੀ ਘਾਟ ਅਤੇ ਜ਼ਮੀਨ ਦੀ ਕਮੀ ਦੇ ਹਿਸਾਬ ਨਾਲ ਬਰਾਨੀ ਫਸਲਾਂ ਬਾਰੇ ਖੋਜ ਕਰ ਸਕਣਗੇ । ਉਹਨਾਂ ਕਿਹਾ ਕਿ ਤਸੱਲੀ ਦੀ ਗੱਲ ਹੈ ਕਿ ਬੱਲੋਵਾਲ ਸੌਂਖਡ਼ੀ ਵਿੱਚ ਸੇਬ ਦੀ ਫਸਲ ਬਾਰੇ ਖੋਜ ਹੋ ਰਹੀ ਹੈ । ਮੁੱਖ ਮੰਤਰੀ ਨੇ ਨਵਾਂ ਸ਼ਹਿਰ ਵਿੱਚ ਬਾਗਬਾਨੀ ਕੇਂਦਰ ਸਥਾਪਿਤ ਕਰਨ ਦੀ ਗੱਲ ਕੀਤੀ । ਉਹਨਾਂ ਕਿਹਾ ਕਿ ਕੋਵਿਡ ਦੇ ਬਾਵਜੂਦ ਵੀ ਕਿਸਾਨੀ ਦੀ ਬਿਹਤਰੀ ਲਈ ਸਰਕਾਰ ਲਗਾਤਾਰ ਯਤਨਸ਼ੀਲ ਹੈ।






















