ਬੀਤੇ ਪੂਰੇ ਹਫਤੇ ਦੌਰਾਨ ਮਾਨਸਾ ਵਿੱਚ ਨਹੀਂ ਆਇਆ ਕੋਈ ਕੋਰੋਨਾ ਪਾਜ਼ੀਟਿਵ ਕੇਸ

ਚੰਡੀਗੜ੍ਹ, 9ਸਤੰਬਰ(ਵਿਸ਼ਵ ਵਾਰਤਾ)-ਕੋਰੋਨਾ ਦੀ ਤੀਸਰੀ ਲਹਿਰ ਦੇ ਖ਼ਤਰੇ ਨੂੰ ਵੇਖਦਿਆਂ ਹੋਏ ਸਿਹਤ ਵਿਭਾਗ ਦੁਆਰਾ ਲਗਾਤਾਰ ਲੋਕਾਂ ਨੂੰ ਸਾਵਧਾਨੀਆਂ ਵਰਤਣ, ਵੈਕਸੀਨੇਸ਼ਨ ਕਰਵਾਉਣ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਮਾਨਸਾ ਵਿੱਚ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਦੇ ਚਲਦੇ ਅਤੇ ਲੋਕਾਂ ਦੇ ਸਹਿਯੋਗ ਸਦਕਾ ਪਿਛਲੇ 8 ਦਿਨਾਂ ਤੋਂ ਕੋਈ ਵੀ ਨਵਾਂ ਕੋਰੋਨਾ ਪਾਜ਼ੀਟਿਵ ਕੇਸ ਨਹੀਂ ਆਇਆ। ਇਸ ਗੱਲ ਦਾ ਜ਼ਿਕਰ ਕਰਦਿਆਂ ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਲੋਕਾਂ ਵਿੱਚ ਅਗਸਤ ਮਹੀਨੇ ਵਿਚ ਵੈਕਸੀਨ ਲਗਾਉਣ ਦਾ ਉਤਸ਼ਾਹ ਅਤੇ ਦਿਲਚਸਪੀ ਕਾਫ਼ੀ ਦੇਖਣ ਨੂੰ ਮਿਲੀ, ਜੇਕਰ ਪਿਛਲੇ ਸੱਤ ਮਹੀਨਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 2.95 ਲੱਖ ਤੋਂ ਵੱਧ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ । ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਇਹ ਹੈ ਕਿ ਮਾਨਸਾ ਜ਼ਿਲ੍ਹੇ ਵਿਚ ਵੈਕਸੀਨ ਲਗਵਾਉਣ ਦੀ ਰਫ਼ਤਾਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਥੇ ਇਹ ਗੱਲ ਵੀ ਵਿਸ਼ੇਸ਼ ਹੈ ਕਿ ਪਿਛਲੇ ਅੱਠ ਦਿਨਾਂ ਤੋਂ ਕੋਈ ਵੀ ਪਾਜ਼ੀਟਿਵ ਕੇਸ ਨਹੀਂ ਆਇਆ ਅਤੇ ਸਿਰਫ ਇਕ ਹੀ ਐਕਟਿਵ ਕੇਸ ਮਾਨਸਾ ਜ਼ਿਲ੍ਹੇ ਵਿੱਚ ਹੈ। ਉਨ੍ਹਾਂ ਕਿਹਾ ਕਿ ਇਹ ਮਰੀਜ਼ ਵੀ ਜਲਦ ਹੀ ਤੰਦਰੁਸਤ ਹੋ ਜਾਵੇਗਾ।






















