ਪੰਜਾਬ ਦੀਆਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਤੀਜੇ ਦਿਨ ਵੀ ਜਾਰੀ
ਠੇਕੇ ਤੇ ਕੰਮ ਕਰਦੇ ਪੀਆਰਟੀਸੀ, ਰੋਡਵੇਜ਼ ਤੇ ਪਨਬਸ ਮੁਲਾਜ਼ਮਾਂ ਦੀ ਸਰਕਾਰ ਨਾਲ ਗੱਲਬਾਤ ਹੋਈ ਸ਼ੁਰੂ
ਦੇਖੋ,ਕਦੋਂ ਖਤਮ ਹੋ ਸਕਦੀ ਹੈ ਮੁਲਾਜ਼ਮਾਂ ਦੀ ਹੜਤਾਲ

ਚੰਡੀਗੜ੍ਹ, 8 ਸਤੰਬਰ (ਵਿਸ਼ਵ ਵਾਰਤਾ):ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਅੜੇ ਬੱਸ ਕਰਮਚਾਰੀਆਂ ਨੇ ਅੱਜ ਲਗਾਤਾਰ ਤੀਜੇ ਦਿਨ ਵੀ ਰਾਜ ਭਰ ਵਿੱਚ ਬੱਸਾਂ ਬੰਦ ਰੱਖਣ ਦਾ ਆਪਣਾ ਫੈਸਲਾ ਕਾਇਮ ਰੱਖਿਆ ਹੈ।
ਉਧਰ ਪੰਜਾਬ ਸਰਕਾਰ ਵੱਲੋਂ ਹੜਤਾਲੀ ਮੁਲਾਜ਼ਮਾਂ ਨੂੰ ਗੱਲਬਾਤ ਲਈ 8 ਸਤੰਬਰ ਨੂੰ ਦਿੱਤੇ ਗੱਲਬਾਤ ਦੇ ਸੱਦੇ ਤਹਿਤ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਦਫ਼ਤਰ ਸਿਵਲ ਸਕੱਤਰੇਤ ਵਿੱਚ ਮੀਟਿੰਗ ਆਰੰਭ ਹੋ ਗਈ ਹੈ।
ਪਨਬਸ, ਰੋਡਵੇਜ਼ ਅਤੇ ਪੀਆਰਟੀਸੀ ਵਰਕਰਜ਼ ਯੂਨੀਅਨ ਵੱਲੋਂ ਇਸ ਪੱਤਰਕਾਰ ਨੂੰ ਦਿੱਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਜਥੇਬੰਦੀ ਵਲੋਂ ਇਸ ਮੀਟਿੰਗ ਵਿੱਚ ਸਰਪ੍ਰਸਤ ਕਮਲ ਕੁਮਾਰ ਮੁਕਤਸਰ, ਪ੍ਰਧਾਨ ਰੇਸ਼ਮ ਸਿੰਘ, ਮਨਜੀਤ ਸਿੰਘ ਗਿੱਲ ਬਟਾਲਾ, ਗੁਰਪ੍ਰੀਤ ਸਿੰਘ ਪੰਨੂ ਪੀਆਰਟੀਸੀ ਕਪੂਰਥਲਾ,ਜੋਧ ਸਿੰਘ ਅੰਮ੍ਰਿਤਸਰ, ਹਰਕੇਸ਼ ਸਿੰਘ ਪੀਆਰਟੀਸੀ ਪਟਿਆਲਾ, ਜਥੇਬੰਦੀ ਦਾ ਪੱਖ ਲੈਕੇ ਗਏ ਹਨ।
ਯੂਨੀਅਨ ਦੇ ਆਗੂ ਕਮਲ ਕੁਮਾਰ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਮਨਾਉਣ ਲਈ ਗੱਲਬਾਤ ਕਰਨ ਜਾ ਰਹੇ ਹਨ ਅਤੇ ਆਪਣੇ ਪੱਖ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਗੱਲਬਾਤ ਦਾ ਸੱਦਾ ਆਉਣ ਕਾਰਨ ਹੀ ਬੀਤੀ ਕਲ੍ਹ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਅਤੇ ਮੋਤੀ ਮਹਿਲ ਦੇ ਘਿਰਾਓ ਦਾ ਐਕਸ਼ਨ ਦੋ ਦਿਨ ਲਈ ਮੁਲਤਵੀ ਕੀਤਾ ਗਿਆ ਹੈ,ਉਝ ਸਾਰਾ ਦਿਨ ਹੜਤਾਲ ਅਤੇ ਰੋਜ਼ ਮਾਰਚ ਕਾਇਮ ਰਹਿਣਗੇ। ਇਸ ਮੀਟਿੰਗ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਕਿ ਸਰਕਾਰ ਅਤੇ ਮੁਲਾਜ਼ਮਾਂ ਵਿਚਾਲੇ ਕੋਈ ਸਹਿਮਤੀ ਬਣਦੀ ਹੈ ਜਾਂ ਨਹੀਂ ਅਤੇ ਹੜਤਾਲ ਖਤਮ ਹੋਣ ਦਾ ਵੀ ਇਸ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ।






















