ਰਮਨ ਕੌਰ ਸਿੱਧੂ ਅਮਰੀਕਾ ਦੀ ਨੇਵੀ ’ਚ ਬਣੀ ਲੈਫਟੀਨੈਂਟ
ਅਮਰੀਕਾ ਚ ਪੰਜਾਬ ਅਤੇ ਪੰਜਾਬੀਅਤ ਦਾ ਨਾਂ ਕੀਤਾ ਰੌਸ਼ਨ

ਚੰਡੀਗੜ੍ਹ, 31ਅਗਸਤ(ਵਿਸ਼ਵ ਵਾਰਤਾ)-ਪੰਜਾਬ ਮੂਲ ਦੀ ਰਮਨ ਕੌਰ ਸਿੱਧੂ ਨੇ ਅਮਰੀਕਾ ਵਿੱਚ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਅਮਰੀਕਾ ਚ ਵੱਸਦੀ ਰਮਨ ਕੌਰ 6 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਅਮਰੀਕਾ ਦੀ ਨੇਵੀ ਵਿੱਚ ਕਮਿਸ਼ਨ ਹਾਸਲ ਕਰ ਲਿਆ ਹੈ ਅਤੇ ਉਸ ਨੂੰ ਨੇਵੀ ਵਿੱਚ ਲੈਫ਼ਟੀਨੈਂਟ ਨਿਯੁਕਤ ਕੀਤਾ ਗਿਆ ਹੈ।
ਦੱਸਣਯੋਗ ਗੱਲ ਇਹ ਹੈ ਕਿ ਰਮਨ ਕੌਰ ਮੂਲ ਤੌਰ ਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਿੱਧਵਾਂ ਖ਼ੁਰਦ ਦੇ ਰਹਿਣ ਵਾਲੇ ਫਰਿਜ਼ਨੋ (ਕੈਲੀਫ਼ੋਰਨੀਆ) ਵਾਸੀ ਕਰਨੈਲ ਸਿੰਘ ਸਿੱਧੂ ਤੇ ਬੀਬੀ ਮਨਜੀਤ ਕੌਰ ਸਿੱਧੂ ਦੀ ਧੀ ਅਤੇ ਉੱਘੇ ਸਾਹਿਤਕਾਰ ਜਗਤਾਰ ਸਿੰਘ ਗਿੱਲ ਦੀ ਭਾਣਜੀ ਹੈ। ਰਮਨ ਕੌਰ ਦੀ ਇਸ ਬੇਮਿਸਾਲ ਪ੍ਰਾਪਤੀ ਤੇ ਉਸ ਦੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ ਅਤੇ ਹਰ ਪਾਸਿਓਂ ਉਨ੍ਹਾਂ ਨੂੰ ਵਧਾਈਆਂ ਮਿਲ ਰਹੀਆਂ ਹਨ। ਅਮਰੀਕਾ ਦਾ ਪੰਜਾਬੀ ਭਾਈਚਾਰਾ ਵੀ ਰਮਨ ਕੌਰ ਸਿੱਧੂ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਧੀਆਂ ਵਿਦੇਸ਼ਾਂ ਵਿੱਚ ਉੱਚੇ ਅਹੁਦਿਆਂ ਤੇ ਪਹੁੰਚ ਕੇ ਪੰਜਾਬ ਅਤੇ ਪੰਜਾਬੀਅਤ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਨਿਯੁਕਤੀ ਤੋਂ ਬਾਅਦ ਗੱਲਬਾਤ ਕਰਦਿਆਂ ਰਮਨ ਕੌਰ ਸਿੱਧੂ ਨੇ ਕਿਹਾ ਕਿ ਉਹ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵੇਗੀ।






















