ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ
ਅੱਜ ਸ਼ਾਂਤੀਪੂਰਵਕ ਖ਼ਤਮ ਹੋਈ ਵੋਟਿੰਗ
25 ਅਗਸਤ ਨੂੰ ਹੋਵੇਗਾ ਨਤੀਜੇ ਦਾ ਐਲਾਨ

ਨਵੀਂ ਦਿੱਲੀ, 22 ਅਗਸਤ(ਵਿਸ਼ਵ ਵਾਰਤਾ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਵੋਟਿੰਗ ਅੱਜ ਬੜੇ ਹੀ ਸ਼ਾਂਤੀਪੂਰਵਕ ਢੰਗ ਨਾਲ ਖ਼ਤਮ ਹੋਈ। ਇਸ ਦਾ ਨਤੀਜਾ 25 ਅਗਸਤ ਨੂੰ ਆਵੇਗਾ।
ਦੱਸਣਯੋਗ ਹੈ ਕਿ ਸਰਕਾਰ ਵਲੋਂ ਦਿੱਲੀ ਦੇ 46 ਵਾਰਡਾਂ ਲਈ 23 ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਸਨ, ਜਿਨ੍ਹਾਂ ਦੀ ਨਿਗਰਾਨੀ ਅਤੇ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਸ਼ਹਿਰ ਭਰ ਦੇ ਸਰਕਾਰੀ ਸਕੂਲਾਂ ਵਿੱਚ ਸਥਾਪਿਤ 556 ਪੋਲਿੰਗ ਸਟੇਸ਼ਨਾਂ ਤੇ ਪੂਰਨ ਸ਼ਾਂਤੀ ਨਾਲ ਵੋਟਿੰਗ ਕੀਤੀ ਗਈ। 46 ਸੀਟਾਂ ਲਈ ਕੁੱਲ 312 ਉਮੀਦਵਾਰ ਮੈਦਾਨ ਵਿੱਚ ਹਨ। ਜਿਹਨਾਂ ਦੀ ਜਿੱਤ ਅਤੇ ਹਾਰ ਦਾ ਨਤੀਜਾ 25 ਅਗਸਤ ਨੂੰ ਸਾਹਮਣੇ ਆਵੇਗਾ।
ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਅੰਦਰ 132 ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 312 ਉਮੀਦਵਾਰ ਮੈਦਾਨ ਵਿੱਚ ਸਨ । ਕਮੇਟੀ ਦੇ ਚੋਣਾਂ ਲਈ ਤਕਰੀਬਨ 3.42 ਲੱਖ ਸਿੱਖ ਵੋਟਰ ਚੋਣਾਂ ਵਿੱਚ ਭਾਗ ਲੈਣ ਦੇ ਯੋਗ ਸਨ ਪਰ ਇਨ੍ਹਾਂ ਵਿਚ ਜਿਆਦਾਤਰ ਨੇ ਵੋਟ ਪਾਉਣ ਲਈ ਜਿਆਦਾ ਦਿਲਚਸਪੀ ਨਹੀਂ ਦਿਖਾਈ ਹੈ। ਚੋਣਾਂ ਵਿਚ ਮੁੱਖ ਮੁਕਾਬਲਾ ਸਿਰਸਾ ਅਤੇ ਸਰਨਾ ਪਾਰਟੀ ਵਿਚ ਹੋਣ ਦੀਆਂ ਚਰਚਾਵਾਂ ਜੋਰਾਂ ਤੇ ਸਨ ,ਜਦਕਿ ਇਸ ਲਈ ਤੀਜੀ ਪਾਰਟੀ ਮਨਜੀਤ ਸਿੰਘ ਜੀਕੇ ਦੀ ਜਾਗੋ ਪਾਰਟੀ ਵੀ ਮੈਦਾਨ ਵਿਚ ਹੋਣ ਕਰਕੇ ਬਹੁਤ ਸਖ਼ਤ ਮੁਕਾਬਲਾ ਬਣਿਆ ਹੋਇਆ ਸੀ। ਕਿਸ ਦੀ ਜਿੱਤ ਹੁੰਦੀ ਹੈ ਤੇ ਕਿਸ ਦੀ ਹਾਰ, ਇਸ ਦਾ ਪਤਾ 25 ਅਗਸਤ ਨੂੰ ਨਤੀਜਾ ਆਉਣ ਤੇ ਹੀ ਲੱਗੇਗਾ।






















