ਭਾਰਤ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਖਿਡਾਰੀ ਨੇ ਲਿਆ ਸੰਨਿਆਸ
ਆਪਣੀ ਸ਼ਾਨਦਾਰ ਕਪਤਾਨੀ ਨਾਲ ਜਿਤਾਇਆ ਸੀ ਅੰਡਰ-19 ਵਿਸ਼ਵ ਕੱਪ

ਚੰਡੀਗੜ੍ਹ, 14ਅਗਸਤ(ਵਿਸ਼ਵ ਵਾਰਤਾ) ਭਾਰਤ ਨੂੰ 2012 ਵਿੱਚ ਆਪਣੀ ਕਪਤਾਨੀ ਵਿੱਚ ਅੰਡਰ -19 ਵਿਸ਼ਵ ਕੱਪ ਜਿਤਾਉਣ ਵਾਲੇ ਰਾਇਟਹੈਂਡ ਬੱਲੇਬਾਜ਼ ਉਨਮੁਕਤ ਚੰਦ ਭਾਰਤੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨਮੁਕਤ ਨੇ ਅੱਜ ਇੱਕ ਟਵੀਟ ਰਾਹੀਂ ਪ੍ਰਸ਼ੰਸਕਾਂ ਨੂੰ ਸੂਚਿਤ ਕੀਤਾ ਕਿ ਹੁਣ ਉਨ੍ਹਾਂ ਦੇ ਜੀਵਨ ਦੀ ਇੱਕ ਨਵੀਂ ਯਾਤਰਾ ਸ਼ੁਰੂ ਹੋ ਰਹੀ ਹੈ। ਉਨ੍ਹਾਂ ਨੇ ਆਪਣੀਆਂ ਪੁਰਾਣੀਆਂ ਯਾਦਾਂ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਦੇ ਕ੍ਰਿਕਟ ਕਰੀਅਰ ਦੇ ਸੁਨਹਿਰੀ ਦਿਨਾਂ ਦੀ ਫੋਟੋ ਹੈ। ਉਨਮੁਕਤ ਨੂੰ ਕਿਸੇ ਸਮੇਂ ਭਾਰਤੀ ਕ੍ਰਿਕਟ ਦਾ ਭਵਿੱਖ ਮੰਨਿਆ ਜਾਂਦਾ ਸੀ। ਉਸਨੇ 28 ਸਾਲ ਦੀ ਉਮਰ ਵਿੱਚ ਭਾਰਤੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।

ਵਰਨਣਯੋਗ ਹੈ ਕਿ 2012 ਵਿੱਚ ਉਨਮੁਕਤ ਨੇ ਭਾਰਤ ਨੂੰ ਅੰਡਰ -19 ਵਿਸ਼ਵ ਕੱਪ ਵੀ ਜਿਤਾਇਆ ਸੀ। ਉਨਮੁਕਤ ਨੇ ਫਾਈਨਲ ਮੈਚ ਵਿੱਚ ਆਸਟ੍ਰੇਲੀਆ ਦੇ ਖਿਲਾਫ ਸੈਂਕੜਾ ਵੀ ਲਗਾਇਆ ਅਤੇ ਇਸ ਤੋਂ ਬਾਅਦ ਉਸਨੂੰ ਭਾਰਤੀ ਕ੍ਰਿਕਟ ਦਾ ਭਵਿੱਖ ਕਿਹਾ ਗਿਆ ਸੀ। ਉਹ ਆਈਪੀਐਲ ਵਿੱਚ ਦਿੱਲੀ ਅਤੇ ਮੁੰਬਈ ਲਈ ਖੇਡ ਚੁੱਕਾ ਹੈ।
ਉਨਮੁਕਤ ਨੇ ਆਪਣੇ ਕਰੀਅਰ ਦੌਰਾਨ 67 ਪਹਿਲੀ ਸ਼੍ਰੇਣੀ ਦੇ ਮੈਚਾਂ ਵਿੱਚ 31.57 ਦੀ ਔਸਤ ਨਾਲ 3,379 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ ਅੱਠ ਸੈਂਕੜੇ ਅਤੇ 16 ਅਰਧ ਸੈਂਕੜੇ ਲਗਾਏ ਹਨ। ਇਸ ਫਾਰਮੈਟ ਵਿੱਚ ਉਸਦਾ ਸਰਬੋਤਮ ਸਕੋਰ 151 ਦੌੜਾਂ ਸੀ। ਇਸ ਦੇ ਨਾਲ ਹੀ ਲਿਸਟ ਏ ਦੇ 120 ਮੈਚਾਂ ਵਿੱਚ ਉਨਮੁਕਤ ਨੇ 41.33 ਦੀ ਔਸਤ ਨਾਲ 4505 ਦੌੜਾਂ ਬਣਾਈਆਂ ਸਨ। ਉਸਨੇ ਇਸ ਫਾਰਮੈਟ ਵਿੱਚ ਸੱਤ ਸੈਂਕੜੇ ਅਤੇ 32 ਅਰਧ ਸੈਂਕੜੇ ਲਗਾਏ। ਇਸ ਦੇ ਨਾਲ ਹੀ 77 ਟੀ -20 ਮੈਚਾਂ ਵਿੱਚ ਉਸ ਦੇ ਨਾਮ ਤਿੰਨ ਸੈਂਕੜਿਆਂ ਨਾਲ 1565 ਦੌੜਾਂ ਦਰਜ ਹਨ।




















