ਓਲੰਪਿਕ ਵਿੱਚ ਭਾਰਤ ਦੀ ਹਾਕੀ ਟੀਮ ਵੱਲੋਂ ਜਿੱਤੇ ਮੈਡਲ ਤੇ ਵੰਡੇ ਲੱਡੂ
ਪੰਜਾਬ ਦੇ ਖਿਡਾਰੀਆਂ ਨੂੰ 5-5 ਕਰੋੜ ਰੁਪਏ ਨਗਦ ਅਤੇ ਨੌਕਰੀ ਦੇਣ ਦਾ ਐਲਾਨ ਕਰੇ ਸਰਕਾਰ : ਅਮਰਜੀਤ ਮਹਿਤਾ

ਬਠਿੰਡਾ 5 ਅਗਸਤ ( ਕੁਲਬੀਰ ਬੀਰਾ ):-ਓਲੰਪਿਕ ਦੀਆਂ ਖੇਡਾਂ ਵਿੱਚ ਭਾਰਤ ਦੀ ਹਾਕੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੱਜ ਬ੍ਰਾਊਨਜ਼ ਮੈਡਲ ਭਾਰਤ ਦੇ ਨਾਮ ਕੀਤਾ ਗਿਆ, ਜਿਸ ਦੀ ਪੂਰਾ ਦੇਸ਼ ਖ਼ੁਸ਼ੀ ਮਨਾ ਰਿਹਾ ਹੈ। ਇਸੇ ਲੜੀ ਤਹਿਤ ਬਠਿੰਡਾ ਵਿਚ ਪ੍ਰਮੁੱਖ ਸਮਾਜ ਸੇਵੀ ,ਵਪਾਰ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਮਹਿਤਾ ਦੀ ਅਗਵਾਈ ਵਿੱਚ ਲੱਡੂ ਵੰਡੇ ਗਏ ਅਤੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਅਮਰਜੀਤ ਮਹਿਤਾ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਜਿਨ੍ਹਾਂ ਨੇ 41 ਸਾਲ ਬਾਅਦ ਦੇਸ਼ ਦਾ ਨਾਮ ਓਲੰਪਿਕ ਖੇਡਾਂ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੈ, ਜਿਸ ਲਈ ਪੂਰੀ ਟੀਮ ਵਧਾਈ ਦੀ ਪਾਤਰ ਹੈ ਤੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਰਤ ਕਿਸੇ ਵੀ ਦੇਸ਼ ਨਾਲੋਂ ਘੱਟ ਨਹੀਂ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨ ਵਿੱਚ ਪੰਜਾਬ ਦੇ 5 ਖਿਡਾਰੀਆਂ ਸਮੇਤ ਪੂਰੇ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਜਿਨ੍ਹਾਂ ਦੇ ਦਾਗ਼ੇ ਗੋਲ ਨਾਲ ਭਾਰਤ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ ।ਉਨ੍ਹਾਂ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਪੂਰੀ ਭਾਰਤੀ ਟੀਮ ਮਨੋਬਲ ਉੱਚਾ ਚੁੱਕਣ ਲਈ ਦੇਸ਼ ਵਿਚ ਪੂਰਾ ਮਾਣ ਸਨਮਾਨ ਦਿੱਤਾ ਜਾਵੇ ਤੇ ਉਨ੍ਹਾਂ ਨੂੰ ਵਿੱਤੀ ਗਿਫਟ ਦੇਣ ਦੇ ਨਾਲ ਨੌਕਰੀਆਂ ਦੇ ਨਾਲ ਪਰਿਵਾਰਾਂ ਲਈ ਪੂਰੀ ਸਹੂਲਤ ਮੁਹੱਈਆ ਕਰਵਾਈ ਜਾਵੇ । ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਖਿਡਾਰੀਆਂ ਲਈ 5-5 ਕਰੋੜ ਰੁਪਏ ਨਗਦ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰਨ ਤਾਂ ਜੋ ਖਿਡਾਰੀਆਂ ਦਾ ਮਨੋਬਲ ਹੋਰ ਮਜ਼ਬੂਤ ਹੋਵੇ ਤੇ ਇਸੇ ਤਰ੍ਹਾਂ ਹੀ ਪੰਜਾਬ ਦੇ ਖਿਡਾਰੀ ਪੂਰੀ ਦੁਨੀਆਂ ਵਿੱਚ ਵੱਡੇ ਮੁਕਾਬਲਿਆਂ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹਿਣ । ਇਸ ਮੌਕੇ ਸ਼ਹਿਰ ਦੇ ਹਾਕੀ ਖਿਡਾਰੀਆਂ ,ਸਮਾਜ ਸੇਵੀਆ ,ਕਲੱਬ ਦੇ ਪ੍ਰਧਾਨਾਂ ਵੱਲੋਂ ਅਮਰਜੀਤ ਮਹਿਤਾ ਵੱਲੋਂ ਉਠਾਈ ਮੰਗ ਦਾ ਪੂਰਨ ਸਮਰਥਨ ਕੀਤਾ ਅਤੇ ਭਾਰਤੀ ਟੀਮ ਨੂੰ ਵਧਾਈ ਦਿੱਤੀ।




















