ਕੱਚੇ ਅਧਿਆਪਕਾਂ ਦਾ ਪ੍ਰਦਰਸ਼ਨ ਲਗਾਤਾਰ ਹੈ ਜਾਰੀ
ਅਧਿਆਪਕਾਂ ਨੇ ਵਿਦਿਆ ਭਵਨ ਦੇ ਗੇਟ ਕੀਤੇ ਬੰਦ, ਪੁਲਿਸ ਨਾਲ ਹੋਈ ਹੱਥੋਪਾਈ
ਸਿੱਖਿਆ ਵਿਭਾਗ ਅਤੇ ਸਿੱਖਿਆ ਬੋਰਡ ਦੇ ਮੁਲਾਜ਼ਮਾਂ ਨੂੰ ਨਹੀਂ ਜਾਣ ਦਿੱਤਾ ਅੰਦਰ
ਚੰਡੀਗੜ੍ਹ, 4ਅਗਸਤ(ਵਿਸ਼ਵ ਵਾਰਤਾ)-ਕੱਚੇ ਅਧਿਆਪਕਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਵਿਦਿਆ ਭਵਨ ਅੱਗੇ ਧਰਨਾ ਦੇ ਰਹੇ ਕੱਚੇ ਅਧਿਆਪਕਾਂ ਵੱਲੋਂ ਅੱਜ ਵਿਦਿਆ ਭਵਨ ਦੇ ਗੇਟ ਬੰਦ ਕੀਤੇ ਗਏ। ਇਸ ਮੌਕੇ ਪੁਲਿਸ ਵੱਲੋਂ ਅਧਿਆਪਕਾਂ ਨੂੰ ਗੇਟ ਬੰਦ ਕਰਨ ਤੋਂ ਰੋਕਣ ਲਈ ਹੱਥੋਂ ਪਾਈ ਵੀ ਹੋਈ, ਪਰ ਕੱਚੇ ਅਧਿਆਪਕ ਗੇਟ ਬੰਦ ਕਰਨ ਵਿੱਚ ਸਫਲ ਹੋ ਗਏ।
ਇਸ ਮੌਕੇ ਸਿੱਖਿਆ ਵਿਭਾਗ ਅਤੇ ਸਿੱਖਿਆ ਬੋਰਡ ਦੇ ਮੁਲਾਜ਼ਮਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਕਈ-ਕਈ ਸਾਲਾਂ ਤੋਂ ਬਹੁਤ ਥੋੜ੍ਹੀਆਂ ਤਨਖਾਹਾਂ ਉਤੇ ਕੰਮ ਕਰਦੇ ਆ ਰਹੇ ਵੱਖ-ਵੱਖ ਕੈਟੇਗਿਰੀਆਂ ਦੇ ਅਧਿਆਪਕਾਂ ਵੱਲੋਂ ਕੱਚੇ ਅਧਿਆਪਕ ਯੂਨੀਅਨ ਦੇ ਬੈਨਰ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਲੜਿਆ ਜਾ ਰਿਹਾ ਹੈ। ਇਸ ਸੰਘਰਸ਼ ਦੌਰਾਨ ਕੱਚੇ ਅਧਿਆਪਕਾਂ ਨੂੰ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦਾ ਸਾਹਮਣਾ ਕਰਨਾ ਪਿਆ। ਸੰਘਰਸ਼ ਦੇ ਚਲਦਿਆਂ ਪਿਛਲੇ ਸਮੇਂ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕੀਤੀ ਗਈ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ।

ਮੁੱਖ ਮੰਤਰੀ ਦੇ ਓਐਸਡੀ ਕੈਪਟਨ ਸੰਦੀਪ ਵੀ ਦੋ ਵਾਰ ਧਰਨੇ ਵਿੱਚ ਆ ਕੇ ਅਧਿਆਪਕਾਂ ਨੂੰ ਵਿਸ਼ਵਾਸ ਦੇ ਕੇ ਗਏ ਕਿ ਕੁਝ ਦਿਨਾਂ ਵਿੱਚ ਹੀ ਉਨ੍ਹਾਂ ਦਾ ਮਾਮਲਾ ਹੱਲ ਕਰ ਦਿੱਤਾ ਜਾਵੇਗਾ, ਪਰ ਅਜੇ ਤੱਕ ਹੱਲ ਨਹੀਂ ਕੀਤਾ ਗਿਆ। ਅੱਜ ਸਵੇਰ ਸਮੇਂ ਵਿਦਿਆ ਭਵਨ ਦੇ ਗੇਟ ਬੰਦ ਕਰ ਦਿੱਤੇ ਗਏ।























