ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਸਿਵਲ ਲਾਈਨ ਪੁਲਸ ਥਾਣੇ ਅੱਗੇ ਲਾਇਆ ਧਰਨਾ
ਪੁਲਿਸ ਤੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਲਗਾਏ ਇਲਜ਼ਾਮ

ਬਠਿੰਡਾ ,29 ਜੁਲਾਈ (ਵਿਸ਼ਵ ਵਾਰਤਾ ):-ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਪੁਲੀਸ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਲੇ ਜੋਜੋ ਦੇ ਇਸ਼ਾਰੇ ਤੇ ਤੰਗ ਪ੍ਰੇਸ਼ਾਨ ਕਰ ਰਹੀ ਹੈ ,ਅਜਿਹੀਆਂ ਧੱਕੇਸ਼ਾਹੀਆਂ ਕਰਨ ਵਾਲੇ ਅਫ਼ਸਰ ਬਾਜ਼ ਆ ਜਾਣ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋਡ਼ ਦੀ ਸਰਕਾਰ ਆਉਣ ਤੇ ਜਵਾਬ ਦੇਣਾ ਪਵੇਗਾ ,ਇਹ ਐਲਾਨ ਅੱਜ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਅਕਾਲੀ ਵਰਕਰਾਂ ਵੱਲੋਂ ਥਾਣਾ ਸਿਵਲ ਲਾਈਨ ਦੇ ਕੀਤੇ ਗਏ ਘਿਰਾਓ, ਲਾਏ ਧਰਨੇ ਮੌਕੇ ਕੀਤਾ ਗਿਆ ਅਤੇ ਪੁਲਸ ਤੇ ਦੋਸ਼ ਲਾਏ ਕਿ ਪੁਲੀਸ ਜੋਜੋ ਦੇ ਇਸ਼ਾਰੇ ਤੇ ਅਕਾਲੀ ਦਲ ਦੇ ਵਰਕਰਾਂ ਅਤੇ ਸਮਰਥਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਜੋ ਬਰਦਾਸ਼ਤ ਯੋਗ ਨਹੀਂ । ਜਾਰੀ ਪ੍ਰੈੱਸ ਬਿਆਨ ਵਿੱਚ ਸਰੂਪ ਸਿੰਗਲਾ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਹੋਟਲ ਸੈਲੀਬ੍ਰੇਸ਼ਨ ਵਿਚ ਸ਼੍ਰੋਮਣੀ ਅਕਾਲੀ ਦਲ ਆਈ ਟੀ ਵਿੰਗ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਹੋਏ ਅਤੇ ਉਸੇ ਇਕੱਠ ਤੋਂ ਕਾਂਗਰਸੀ ਬੁਖਲਾਹਟ ਵਿਚ ਹਨ ਜਿਸ ਕਰਕੇ ਉਕਤ ਹੋਟਲ ਮਾਲਕ ਦਿਪਾਂਸ਼ੂ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਦੁਰਵਿਵਹਾਰ ਕੀਤਾ ਗਿਆ ਅਤੇ ਜੋਜੋ ਦੇ ਇਸ਼ਾਰੇ ਤੇ ਪੁਲੀਸ ਨੇ ਹੋਟਲ ਵਿੱਚ ਮੌਜੂਦ ਲੋਕਾਂ ਮਾਲਕਾਂ ਅਤੇ ਸਟਾਫ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਤੰਗ ਪ੍ਰੇਸ਼ਾਨ ਕੀਤਾ ਗਿਆ ,ਜਿਸ ਦਾ ਪਤਾ ਲੱਗਣ ਤੇ ਅੱਜ ਸਵੇਰੇ ਤੜਕੇ ਧਰਨਾ ਦਿੱਤਾ ਗਿਆ , ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਗਲਤੀ ਦਾ ਅਹਿਸਾਸ ਕਰਦੇ ਹੋਏ ਅੱਗੇ ਤੋਂ ਅਜਿਹਾ ਨਾ ਹੋਣ ਦਾ ਭਰੋਸਾ ਦੇ ਕੇ ਮਾਮਲਾ ਸ਼ਾਂਤ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਪੁਲੀਸ ਦੇ ਥਾਣੇਦਾਰ ਅਤੇ ਮੁਲਾਜ਼ਮ ਕਾਂਗਰਸ ਦੇ ਇਸ਼ਾਰੇ ਤੇ ਨੱਚ ਰਹੇ ਹਨ ਤੇ ਵਿਰੋਧੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਸਾਰੀ ਘਟਨਾ ਸਬੰਧੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਤੇ ਉਨ੍ਹਾਂ ਵੱਲੋਂ ਵੀ ਪੁਲੀਸ ਅਫ਼ਸਰਾਂ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦੀ ਨਿੰਦਾ ਕਰਦੇ ਹੋਏ ਅਕਾਲੀ ਦਲ ਦੀ ਸਰਕਾਰ ਆਉਣ ਤੇ ਕਾਰਵਾਈ ਕਰਨ ਦੀ ਗੱਲ ਕਹੀ ਹੈ ।





















