ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਦਿੱਤੇ ਮੰਗ ਪੱਤਰ ਦਾ ਦਿੱਤਾ ਜਵਾਬ ਮੁੱਖ ਮੰਤਰੀ ਨੇ
ਮੰਗ ਪੱਤਰ ਅਤੇ ਜਵਾਬ ਦੋਨੋਂ ਹੀ ਪੜ੍ਹ ਲਓ
ਚੰਡੀਗੜ੍ਹ,27 ਜੁਲਾਈ(ਵਿਸ਼ਵ ਵਾਰਤਾ) ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਕਮੇਟੀ ਦੇ ਚਾਰ ਨਵੇਂ ਬਣੇ ਕਾਰਜਕਾਰੀ ਪ੍ਰਧਾਨਾਂ ਨੇ ਅੱਜ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਜੋ ਕਿ ਇਸ ਪ੍ਰਕਾਰ ਹੈ।
ਮਾਣਯੋਗ ਮੁੱਖ ਮੰਤਰੀ,
ਸ੍ਰੀਮਾਨ ਜੀ,
ਪੰਜਾਬ ਨੂੰ ਅੱਜ ਫ਼ੈਸਲੇ ਲੈਣ ਵਿਚ ਦਲੇਰ, ਦ੍ਰਿੜ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਲੀਡਰਸ਼ਿਪ ਦੀ ਲੋੜ ਹੈ ਜੋ ਹਰ ਪੰਜਾਬੀ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਲਈ ਵਚਨਬੱਧ ਹੋਵੇ। ਪੰਜਾਬ ਨੂੰ ਇਸ ਵੇਲੇ ਅਜਿਹੀ ਲੀਡਰਸ਼ਿਪ ਦੀ ਪਹਿਲਾਂ ਨਾਲੋਂ ਕਿਤੇ ਵੱਧ ਲੋੜ ਹੈ। ਹਰ ਪੰਜਾਬੀ ਨੂੰ ਇਨਸਾਫ਼ ਦੇਣ ਦੇ ਨਕਸ਼ੇ ਅਰਥਾਤ ਹਾਈਕਮਾਨ ਦੇ ਦਿੱਤੇ 18 ਸੂਤਰੀ ਏਜੰਡੇ ਨਾਲ ਪੰਜਾਬ ਕਾਂਗਰਸ ਦੇ ਵਰਕਰ ਇਕਮਤ ਡਟਕੇ ਖੜ੍ਹੇ ਹਨ।
ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਪੰਜਾਬ ਭਰ ਦੇ ਕਾਂਗਰਸ ਪਾਰਟੀ ਵਰਕਰਾਂ ਨਾਲ ਬਾਰੰਬਾਰ ਵਿਚਾਰ-ਵਟਾਂਦਰਾ ਅਤੇ ਸਲਾਹ-ਮਸ਼ਵਰਾ ਕਰਕੇ ਅਸੀਂ ਤੁਹਾਨੂੰ ਏਜੰਡੇ ਦੇ 18 ਨੁਕਤਿਆਂ ਵਿੱਚੋਂ ਉਹ ਪੰਜ ਨੁਕਤੇ ਲਿਖਕੇ ਦੇ ਰਹੇ ਹਾਂ ਜਿਨ੍ਹਾਂ ਉੱਪਰ ਸਰਕਾਰ ਨੂੰ ਤੁਰੰਤ ਪਹਿਲ ਦੇ ਆਧਾਰ ‘ਤੇ ਕਾਰਵਾਈ ਕਰਨੀ ਚਾਹੀਦੀ ਹੈ :
1. ਪੰਜਾਬ ਦੇ ਲੋਕ ਪੰਜਾਬ ਦੀ ਰੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਹੋਈ ਪੁਲਿਸ ਗੋਲੀਬਾਰੀ ਪਿਛਲੇ ਮੁੱਖ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੇ ਰੂਪ ਵਿਚ ਇਨਸਾਫ਼ ਮੰਗ ਰਹੇ ਹਨ।
2. ਸਪੈਸ਼ਲ ਟਾਸਕ ਫੋਰਸ (STF) ਦੀ ਰਿਪੋਰਟ ਵਿਚ ਦਰਜ ਨਸ਼ਾ ਤਸਕਰੀ ਪਿਛਲੇ ਵੱਡੇ ਮਗਰਮੱਛਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇ।
3. ਖੇਤੀ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ ਅਤੇ ਅਸੀਂ ਸਭ ਕੇਂਦਰ ਦੇ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਾਂ, ਇਸ ਲਈ ਪੰਜਾਬ ਸਰਕਾਰ ਤਿੰਨ ਕਾਲੇ ਕਾਨੂੰਨਾਂ ਦੀਆਂ ਕੁੱਝ ਧਾਰਾਵਾਂ ਵਿਚ ਸਿਰਫ਼ ਸੋਧਾਂ ਦੀ ਹੀ ਸਿਫ਼ਾਰਸ ਨਾ ਕਰੇ, ਬਲਕਿ ਇਹ ਐਲਾਨਦਿਆਂ ਕਿ ਇਹ ਕਿਸੇ ਵੀ ਕੀਮਤ ਉੱਪਰ ਪੰਜਾਬ ਵਿਚ ਲਾਗੂ ਨਹੀਂ ਹੋਣਗੇ, ਉਹ ਕਾਲੇ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਨਕਾਰੇ। ਜਿਵੇਂ ਅਸੀਂ ਸਤਲੁਜ-ਯਮੁਨਾ ਲਿੰਕ (SYL) ਦੇ ਕੇਸ ਵਿਚ ਕੀਤਾ ਸੀ, ਵਿਧਾਨ ਸਭਾ ਵੱਲੋਂ ਇਸ ਤਰ੍ਹਾਂ ਦੇ ਹੀ ਦਲੇਰੀ ਵਾਲੇ ਹੱਲ ਦੀ ਅੱਜ ਬੇਹੱਦ ਲੋੜ ਹੈ ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਸ ਲਈ ਵਿਧਾਇਕ ਤਿਆਰ ਹਨ।
4. 2017 ਦੀਆਂ ਚੋਣਾਂ ਮੌਕੇ ਨੁਕਸਦਾਰ ਬਿਜਲੀ ਖਰੀਦ ਸਮਝੌਤਿਆਂ (PPAs) ਨੂੰ ਰੱਦ ਕਰਨ ਦੇ ਤੁਹਾਡੇ ਕੀਤੇ ਵਾਅਦਿਆਂ ਨੂੰ ਵੀ ਸਾਡੀ ਸਰਕਾਰ ਨੂੰ ਤੁਰੰਤ ਪੂਰਾ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਖਜ਼ਾਨੇ ਨੂੰ ਹੋਰ ਖੋਰਾ ਨਾ ਲੱਗੇ।
5. ਅੱਜ, 20 ਤੋਂ ਵੱਧ ਜੱਥੇਬੰਦੀਆਂ (ਅਧਿਆਪਕ, ਡਾਕਟਰ, ਨਰਸਾਂ, ਲਾਇਨਮੈਨ, ਸਫ਼ਾਈ ਕਰਮਚਾਰੀ ਆਦਿ) ਰਾਜ ਭਰ ਵਿਚ ਧਰਨੇ ਦੇ ਰਹੇ ਹਨ। ਇਸ ਲਈ ਸਭ ਦੀ ਸੁਨਣ ਨੂੰ ਤਿਆਰ ਅਤੇ ਸਰਬੱਤ ਦੇ ਭਲੇ ਖ਼ਾਤਰ ਕਦਮ ਚੁੱਕਣ ਵਾਲੀ ਲੀਡਰਸ਼ਿਪ ਦੀ ਲੋੜ ਹੈ। ਲਾਜ਼ਮੀ ਹੈ ਕਿ ਸਰਕਾਰ ਗੱਲਬਾਤ ਅਤੇ ਸਲਾਹ-ਮਸ਼ਵਰੇ ਲਈ ਦਰਵਾਜੇ ਖੋਲ੍ਹੇ ਅਤੇ ਆਪਣੇ ਵਿੱਤੀ ਸਾਧਨਾਂ ਨੂੰ ਧਿਆਨ ‘ਚ ਰੱਖਦਿਆਂ ਤੁਰੰਤ ਕੁੱਝ ਕਰੇ।
ਨਿਰਣਾਇਕ ਫ਼ੈਸਲੇ ਲਏ ਬਿਨ੍ਹਾਂ ਕਦੇ ਵੀ ਕੋਈ ਮਹਾਨ ਪ੍ਰਾਪਤੀ ਹਾਸਿਲ ਨਹੀਂ ਹੁੰਦੀ। ਅਸੀਂ ਤੁਹਾਨੂੰ ਤੁਰੰਤ ਕਾਰਵਾਈ ਕਰਨ ਲਈ ਬੇਨਤੀ ਕਰਦੇ ਹਾਂ।
ਧੰਨਵਾਦ।
ਕਾਂਗਰਸ ਕਮੇਟੀ ਦੇ ਮੰਗ ਪੱਤਰ ਦਾ ਮੁੱਖ ਮੰਤਰੀ ਵੱਲੋਂ ਜਵਾਬ
ਇਸ ਮੰਗ ਪੱਤਰ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੇ ਮਹੱਤਵਪੂਰਨ ਮੁੱਦੇ ਫੌਰੀ ਹੱਲ ਲਈ ਸਰਕਾਰ ਦੇ ਧਿਆਨ ਗੋਚਰੇ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸੂਬਾਈ ਕਾਂਗਰਸ ਲੀਡਰਸ਼ਿਪ ਦੀ ਨਵੀਂ ਟੀਮ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਚੁੱਕੇ ਗਏ ਮੁੱਦਿਆਂ ਸਬੰਧੀ ਪ੍ਰਗਟਾਏ ਖਦਸ਼ੇ ਪਹਿਲਾਂ ਹੀ ਹੱਲ ਲਈ ਸੂਬਾ ਸਰਕਾਰ ਦੇ ਧਿਆਨ ਹਿੱਤ ਹਨ ਜਿਨ੍ਹਾਂ ਉਤੇ ਪਾਰਟੀ ਨਾਲ ਤਾਲਮੇਲ ਰਾਹੀਂ ਕੰਮ ਕੀਤਾ ਜਾ ਰਿਹਾ ਹੈ।
ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨਵੀਂ ਟੀਮ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਦਿਆਂ ਪੱਤਰ ਸੌਂਪਿਆ ਗਿਆ ਜਿਸ ਵਿੱਚ ਕੁਝ ਮਾਮਲਿਆਂ ਦੇ ਜ਼ਰੂਰੀ ਹੱਲ ‘ਤੇ ਲੋੜ ਦਿੱਤਾ ਗਿਆ। ਸੂਬਾਈ ਕਾਂਗਰਸ ਦੀ ਨਵੀਂ ਟੀਮ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਇਹ ਮੁੱਖ ਮੰਤਰੀ ਨਾਲ ਪਹਿਲੀ ਮੀਟਿੰਗ ਸੀ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਦੇ ਨਾਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਕਿੰਗ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆ, ਸੁਖਵਿੰਦਰ ਸਿੰਘ ਡੈਨੀ ਤੇ ਪਵਨ ਗੋਇਲ ਵੀ ਨਾਲ ਸਨ।
ਮੁੱਖ ਮੰਤਰੀ ਨੇ ਪਾਰਟੀ ਦੀ ਸੂਬਾਈ ਲੀਡਰਸ਼ਿਪ ਨੂੰ ਆਖਿਆ ਕਿ ਸੂਬਾ ਸਰਕਾਰ ਪਾਰਟੀ ਦੇ 2017 ਵਿਧਾਨ ਸਭਾ ਚੋਣਾਂ ਦੇ ਮੈਨੀਫੈਸਟੋ ਵਿੱਚ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਵਿੱਚੋਂ ਬਹੁਤਿਆਂ ਨੂੰ ਪਹਿਲਾਂ ਹੀ ਲਾਗੂ ਕਰ ਚੁੱਕੀ ਹੈ ਅਤੇ ਹੋਰ ਬਾਕੀ ਮਾਮਲੇ ਵੀ ਜਲਦ ਹੱਲ ਹੋ ਜਾਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਨੂੰ ਸੁਖਾਵੀਂ ਦੱਸਦਿਆਂ ਕਿਹਾ ਕਿ ਸੂਬਾ ਸਰਕਾਰ ਸਾਰੇ ਚੋਣ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ।

ਪਾਰਟੀ ਦੇ ਹਿੱਤ ਵਿੱਚ ਇਕੱਠਿਆ ਮਿਲ ਕੇ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਪੰਜਾਬ ਕਾਂਗਰਸ ਪ੍ਰਧਾਨ ਤੇ ਵਰਕਿੰਗ ਪ੍ਰਧਾਨਾਂ ਨੂੰ ਕਿਹਾ, ”ਤੁਹਾਡੀ ਜਿੱਤ ਮੇਰੀ ਜਿੱਤ ਹੈ ਅਤੇ ਸਾਡੀ ਜਿੱਤ ਪਾਰਟੀ ਦੀ ਜਿੱਤ ਹੈ। ਸਾਨੂੰ ਸੂਬੇ ਅਤੇ ਲੋਕਾਂ ਦੇ ਹਿੱਤ ਨੂੰ ਦੇਖਦਿਆਂ ਇਕੱਠਿਆਂ ਕੰਮ ਕਰਨ ਦੀ ਲੋੜ ਹੈ।”
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਆਗੂ ਤੇ ਵਰਕਰ ਸਰਕਾਰ ਦੇ ਲੋਕ ਪੱਖੀ ਫੈਸਲੇ ਤੇ ਸਰਕਾਰ ਦੇ ਕੰਮਾਂ ਨੂੰ ਜ਼ਮੀਨੀ ਪੱਧਰ ‘ਤੇ ਲੈ ਕੇ ਜਾਣ ਤਾਂ ਜੋ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਵੱਲੋਂ ਸੂਬੇ ਵਿੱਚ ਪਿਛਲੇ ਚਾਰ ਤੋਂ ਵੱਧ ਸਾਲਾਂ ਦੇ ਸਮੇਂ ਦੌਰਾਨ ਕੀਤੇ ਸ਼ਾਨਦਾਰ ਕੰਮਾਂ ਤੋਂ ਜਾਣੂੰ ਹੋ ਸਕਣ।
ਮੁੱਖ ਮੰਤਰੀ ਨੇ ਸਰਕਾਰ ਅਤੇ ਪਾਰਟੀ ਵਿਚਾਲੇ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਨੂੰ ਨਿਰੰਤਰ ਮਿਲਣ ਦੀ ਪੇਸ਼ਕਸ਼ ਕੀਤੀ।























