ਜੰਗਲਾਤ ਵਿਭਾਗ ਨੇ ਕੀਤਾ ਕਾਂਗਰਸੀ ਐਮ.ਐਲ.ਏ ਦੇ ਬੇਟੇ ਦਾ ਸਟੋਨ ਕ੍ਰਸ਼ਰ ਸੀਲ

ਚੰਡੀਗੜ੍ਹ, 26 ਜੁਲਾਈ (ਵਿਸ਼ਵ ਵਾਰਤਾ)-ਜੰਗਲਾਤ ਵਿਭਾਗ ਨੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਕਾਂਗਰਸ ਦੇ ਬਾਘਾਪੁਰਾਣਾ ਹਲਕੇ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਗੁਰਜੰਟ ਸਿੰਘ ਬਰਾੜ ਵੱਲੋਂ ਕਥਿਤ ਤੌਰ ’ਤੇ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਲਾਇਆ ਸਟੋਨ ਕ੍ਰਸ਼ਰ ਸੀਲ ਕਰ ਦਿੱਤਾ ਹੈ।
ਇਕ ਨਿੱਜੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਮੁਕੇਰੀਆਂ ਦੇ ਪਿੰਡ ਬ੍ਰਿੰਗਲੀ ਇਹ ਸਟੋਨ ਕ੍ਰਸ਼ਰ ਬਰਾੜ ਸਟੋਨ ਕ੍ਰਸ਼ਰ ਦੇ ਨਾਂ ਹੇਠ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਇਹ ਲਾਇਆ ਹੋਇਆ ਸੀ। ਪਿਛਲੇ ਦਿਨੀਂ ਇਸ ਗੱਲ ਦਾ ਖੁਲ੍ਹਾਸਾ ਹੋਇਆ ਕਿ ਇਸ ਕੋਲ ਫੋਰੈਸਟ ਕੰਜ਼ਰਵੇਸ਼ਨ ਐਕਟ 1980 ਦੀ ਧਾਰਾ 2 ਤਹਿਤ ਕੇਂਦਰ ਸਰਕਾਰ ਤੋਂ ਮਨਜ਼ੂਰੀ ਪ੍ਰਾਪਤ ਨਹੀਂ ਹੈ।
ਰਿਪੋਰਟ ਮੁਤਾਬਕ ਦਸੂਹਾ ਦੇ ਡਵੀਜ਼ਨਲ ਫੋਰੈਸਟ ਅਫਸਰ ਅਤੁਲ ਮਹਾਜਨ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੀ ਟੀਮ ਨੇ ਸ਼ੁੱਕਰਵਾਰ ਨੁੰ ਇਹ ਸਟੋਨ ਕ੍ਰਸ਼ਰ ਸੀਲ ਕਰ ਦਿੱਤਾ ਸੀ। ਹੁਣ ਜਦੋਂ ਤੱਕ ਇਸ ਕੋਲ ਕੇਂਦਰ ਤੋਂ ਐਨ.ਓ.ਸੀ ਨਹੀਂ ਆਉਂਦੀ, ਇਹ ਯੂਨਿਟ ਸੀਲ ਹੀ ਰਹੇਗੀ।




















