ਕਰੀਬ 4 ਘੰਟੇ ਤੱਕ ਚੱਲੀ ਰੋਸ ਰੈਲੀ, ਫਿਰ ਕੀਤਾ ਖ਼ਜ਼ਾਨਾ ਮੰਤਰੀ ਦੇ ਦਫ਼ਤਰ ਦਾ ਘਿਰਾਉ
ਅੰਤਾਂ ਦੀ ਗਰਮੀ ਵਿੱਚ ਵੀ ਆਪਣੇ ਹਕਾਂ ਲਈ ਡਟੇ ਰਹੇ ਵਪਾਰੀ ਅਤੇ ਕਰਮਚਾਰੀ
ਸਰਕਾਰ ਤੋਂ ਪੰਜਾਬੀਆਂ, ਵਪਾਰੀਆਂ ਅਤੇ ਮੁਲਾਜ਼ਮਾਂ ਦੇ ਹੱਕ ਲੈਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ : ਅਮਰਜੀਤ ਮਹਿਤਾ

ਬਠਿੰਡਾ, 16 ਜੁਲਾਈ (ਵਿਸ਼ਵ ਵਾਰਤਾ ) ਪੰਜਾਬ ਪ੍ਰਦੇਸ਼ ਵਪਾਰ ਮੰਡਲ ਅਤੇ ਪੰਜਾਬ ਰਾਜ(ਡੀਸੀ) ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਅੱਜ ਆਪਣੇ ਹਕਾਂ ਲਈ ਰੋਜ਼ ਗਾਰਡਨ ਦੇ ਨੇੜੇ ਵਿਸ਼ਾਲ ਰੋਸ਼ ਰੈਲੀ ਦਾ ਆਯੋਜਨ ਕੀਤਾ ਗਿਆ । ਰੋਸ਼ ਰੈਲੀ ਤੋਂ ਬਾਅਦ ਰੋਸ਼ ਮਾਰਚ ਕੱਢਦਿਆਂ ਪੰਜਾਬ ਦੇ ਖ਼ਜ਼ਾਨਾ-ਮੰਤਰੀ ਅਤੇ ਬਠਿੰਡਾ ਸ਼ਹਿਰੀ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦਾ ਘਿਰਾਉ ਕੀਤਾ ਗਿਆ । ਅੰਤਾਂ ਦੀ ਗਰਮੀ ਵਿੱਚ ਵੀ ਵਪਾਰੀਆਂ ਅਤੇ ਮੁਲਾਜ਼ਮਾਂ ਦੁਆਰਾ ਖ਼ਜ਼ਾਨਾ-ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕਾਂਗਰਸ ਦੀ ਅਗੁਵਾਈ ਵਾਲੀ ਕੈਪਟਨ ਸਰਕਾਰ ਤੋਂ ਆਪਣੇ ਹੱਕ ਲੈਣ ਲਈ ਕਰੀਬ 4 ਘੰਟੇ ਤੱਕ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਇਸ ਦੌਰਾਨ ਰੋਸ਼ ਪ੍ਰਦਰਸ਼ਨ ਅਤੇ ਮਾਰਚ ਦੀ ਅਗੁਵਾਈ ਪੰਜਾਬ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਵਪਾਰੀ ਅਮਰਜੀਤ ਮਹਿਤਾ, ਸੀਨੀਅਰ ਮੀਤ ਪ੍ਰਧਾਨ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਅਤੇ ਅਮਿਤ ਕਪੂਰ, ਪ੍ਰਧਾਨ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਤੋਂ ਇਲਾਵਾ ਪੰਜਾਬ ਰਾਜ(ਡੀਸੀ) ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਵੱਲੋਂ ਕੀਤੀ ਗਈ । ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਰਾਜ(ਡੀਸੀ) ਦਫ਼ਤਰ ਕਰਮਚਾਰੀ ਯੂਨੀਅਨ, ਬਠਿੰਡਾ ਦੇ ਪ੍ਰਧਾਨ ਕੁਲਦੀਪ ਸ਼ਰਮਾ ਤੋਂ ਇਲਾਵਾ ਰਾਜਵੀਰ ਸਿੰਘ ਮਾਨ, ਵਰਿੰਦਰ ਟੋਸਿਵਾਲ, ਮੇਘ ਸਿੰਘ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਅਤੇ ਪੰਜਾਬ ਰਾਜ(ਡੀਸੀ) ਦਫ਼ਤਰ ਕਰਮਚਾਰੀ ਯੂਨੀਅਨ ਦੇ ਹੋਰ ਅਹੁਦੇਦਾਰ ਵੀ ਮੌਜੂਦ ਸਨ । ਸਰਕਾਰ ਦੀਆਂ ਜੜ੍ਹਾਂ ਹਿਲਾਉਣ ਵਾਲੇ ਇਸ ਪ੍ਰਰਦਸ਼ਨ ਵਿੱਚ ਪੰਜਾਬ ਭਰ ਤੋਂ ਵਪਾਰੀ ਅਤੇ ਕਰਮਚਾਰੀ ਸ਼ਾਮਲ ਹੋਏ ।

ਇਸ ਦੌਰਾਨ ਅਮਰਜੀਤ ਮਹਿਤਾ, ਅਮਿਤ ਕਪੂਰ ਅਤੇ ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ ਇਸ ਸੰਘਰਸ਼ ਤੋਂ ਕੈਪਟਨ ਸਰਕਾਰ ਦੀਆਂ ਜੜ੍ਹਾਂ ਹਿਲਣੀਆਂ ਸ਼ੁਰੂ ਹੋ ਗਈਆਂ ਅਤੇ ਅਗਲੀਆਂ ਵਿਧਾਨਸਭਾ ਚੋਣਾਂ 2022 ਵਿੱਚ ਕਾਂਗਰਸ ਸਰਕਾਰ ਦਾ ਭੋਗ ਪੈ ਜਾਵੇਗਾ ਅਤੇ ਖ਼ਜ਼ਾਨਾ-ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪੰਜਾਬ ਦੇ ਸਾਰੇ 117 ਵਿਧਾਨਸਭਾ ਹਲਕਿਆਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਨੂੰ ਕਰਾਰੀ ਹਾਰ ਦੇਕੇ ਉਨ੍ਹਾਂ ਨੂੰ ਵਿਧਾਨਸਭਾ ਤੋਂ ਬਾਹਰ ਦਾ ਰਸਤਾ ਵਖਾਇਆ ਜਾਵੇਗਾ ਅਤੇ ਸੌਂਹਾਂ ਖਾਕੇ ਵਾਅਦਿਆਂ ਤੋਂ ਮੁਕਰਨ ਵਾਲੇ ਖ਼ਜ਼ਾਨਾ-ਮੰਤਰੀ, ਮੁੱਖਮੰਤਰੀ ਅਤੇ ਕਾਂਗਰਸ ਸਰਕਾਰ ਨੂੰ ਵਿਧਾਨਸਭਾ ਦੀਆਂ ਪੌੜੀਆਂ ਤੱਕ ਨਹੀਂ ਚੜ੍ਹਨ ਦਿੱਤਾ ਜਾਵੇਗਾ । ਉਨ੍ਹਾਂ ਨੇ ਕਿਹਾ ਕਿ ਪੰਜਾਬ ਨਿਵਾਸੀਆਂ ਨਾਲ ਝੂਠੇ ਵਾਅਦੇ ਕਰਕੇ ਪੰਜਾਬ ਦੀ ਸੱਤਾ ਹਾਸਲ ਕਰਣ ਵਾਲੀ ਕਾਂਗਰਸ ਸਰਕਾਰ ਦੇ ਮੁੱਖਮੰਤਰੀ ਅਤੇ ਸਾਰੇ ਆਗੂਆਂ ਵੱਲੋਂ ਸਿਰਫ ਆਪਣੀਆਂ ਕੁਰਸੀਆਂ ਬਚਾਉਣ ਲਈ ਹੀ ਆਪਸੀ ਲੜਾਈ ਲੜੀ ਜਾ ਰਹੀ ਹੈ, ਜਿਨ੍ਹਾਂ ਨੂੰ ਪੰਜਾਬ ਅਤੇ ਪੰਜਾਬੀਆਂ ਦੀ ਕੋਈ ਪਰਵਾਹ ਨਹੀਂ ਹੈ । ਸੱਤਾ ਦੀ ਲਾਲਚੀ ਇਸ ਸਰਕਾਰ ਨੇ ਝੂਠ ਅਤੇ ਲੁੱਟ ਦਾ ਹੀ ਸਹਾਰਾ ਲਿਆ ਹੈ । ਵਿਸ਼ਾਲ ਰੋਸ਼ ਪ੍ਰਦਰਸ਼ਨ ਕਰਣ ਤੋਂ ਬਾਅਦ ਵਪਾਰੀਆਂ ਅਤੇ ਕਰਮਚਾਰੀਆਂ ਵੱਲੋਂ ਵਿਸ਼ਾਲ ਰੋਸ਼ ਮਾਰਚ ਵੀ ਕੱਢਿਆ ਗਿਆ । ਰੋਜ਼ ਗਾਰਡਨ ਤੋਂ ਚੱਲਿਆ ਇਹ ਰੋਸ਼ ਮਾਰਚ ਖ਼ਜ਼ਾਨਾ-ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਤੱਕ ਪਹੁੰਚਿਆ ਅਤੇ ਬਾਅਦ ਵਿੱਚ ਦਫਤਰ ਦਾ ਘਿਰਾਉ ਕਰਦਿਆਂ ਵਪਾਰੀਆਂ ਅਤੇ ਕਰਮਚਾਰੀਆਂ ਨੇ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦੇ ਸਾਹਮਣੇ ਧਰਨਾ ਲਗਾ ਦਿੱਤਾ । ਅਮਰਜੀਤ ਮਹਿਤਾ ਨੇ ਕਿਹਾ ਕਿ ਇਸ ਨਿਕੰਮੀ ਸਰਕਾਰ ਤੋਂ ਹੱਕ ਲੈਣ ਲਈ ਉਹ ਹਰ ਤਰ੍ਹਾਂ ਦੀ ਕੁਰਬਾਨੀ ਵੀ ਦੇਣ ਨੂੰ ਤਿਆਰ ਹਨ, ਪਰ ਹੱਕ ਲੈ ਕੇ ਹੀ ਰਹਾਂਗੇ । ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਅਤੇ ਵਪਾਰੀਆਂ ਨੂੰ ਜੇਕਰ ਉਨ੍ਹਾਂ ਦੇ ਹੱਕ ਮਿਲਣਗੇ ਤਾਂ ਹੀ ਪੰਜਾਬ ਦੀ ਆਰਥਿਕਤਾ ਮਜਬੂਤ ਹੋਵੇਗੀ ਅਤੇ ਮਜਬੂਤ ਆਰਥਿਕਤਾ ਨਾਲ ਹੀ ਕਿਸਾਨ, ਮਜਦੂਰ ਸਮੇਤ ਹਰ ਇੱਕ ਵਰਗ ਮਜਬੂਤ ਹੋਵੇਗਾ






















