ਵਿਕਾਸ ਲਈ ਨਹੀਂ ਪੈਸੇ ਦੀ ਘਾਟ, ਸੂਬਾ ਸਰਕਾਰ ਨੇ ਪੂੰਜੀ ਖਰਚ ਲਈ ਰੱਖੇ 14 ਹਜਾਰ ਕਰੋੜ-ਮਨਪ੍ਰੀਤ ਸਿੰਘ ਬਾਦਲ
ਬਠਿੰਡਾ ਦੇ ਸ਼ਾਮਲਾਟ ਦੀ ਜਮੀਨ ਤੇ ਰਹਿ ਰਹੇ ਲੋਕਾਂ ਨੂੰ ਮਿਲਣਗੇ ਮਾਲਕੀ ਹੱਕ
ਦੀਵਾਲੀ ਤੱਕ ਵਿਕਾਸ ਪ੍ਰੋਜੈਕਟ ਪੂਰੇ ਕਰਨ ਦੀਆਂ ਹਦਾਇਤਾਂ

ਬਠਿੰਡਾ, 15 ਜੁਲਾਈ (ਵਿਸ਼ਵ ਵਾਰਤਾ ) ਪੰਜਾਬ ਦੇ ਵਿੱਤ ਮੰਤਰੀ ਅਤੇ ਬਠਿੰਡਾ ਦੇ ਵਿਧਾਇਕ ਸ: ਮਨਪ੍ਰੀਤ ਸਿੰਘ ਬਾਦਲ ਨੇ ਅਪਣੇ ਹਲਕਾ ਬਠਿੰਡਾ ਸ਼ਹਿਰੀ ਦੇ ਦੌਰੇ ਦੌਰਾਨ ਆਖਿਆ ਹੈ ਕਿ ਪੰਜਾਬ ਦੇ ਵਿਕਾਸ ਲਈ ਸੂਬਾ ਸਰਕਾਰ ਕੋਲ ਫੰਡ ਦੀ ਕੋਈ ਘਾਟ ਨਹੀਂ ਹੈ ਅਤੇ ਰਾਜ ਸਰਕਾਰ ਨੇ ਚਾਲੂ ਵਿੱਤੀ ਸਾਲ ਦੌਰਾਨ ਹਰਿਆਣਾ ਦੇ 8000 ਕਰੋੜ ਦੇ ਮੁਕਾਬਲੇ 14000 ਕਰੋੜ ਰੁਪਏ ਪੂੰਜੀ ਖਰਚ ਵਜੋਂ ਵਿਕਾਸ ਪ੍ਰੋਜੈਕਟਾਂ ਲਈ ਰੱਖੇ ਹਨ।
ਉਨ੍ਹਾਂ ਅੱਜ ਇੱਥੇ ਨਗਰ ਨਿਗਮ ਬਠਿੰਡਾ ਦੇ ਕੌਂਸਲਰਾਂ ਅਤੇ ਨਿਗਮ ਅਧਿਕਾਰੀਆਂ ਨਾਲ ਇਕ ਬੈਠਕ ਤੋਂ ਬਾਅਦ ਇਹ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਬਠਿੰਡਾ ਸ਼ਹਿਰ ਦੇ ਵਿਕਾਸ ਲਈ 4.59 ਕਰੋੜ ਰੁਪਏ ਦੀ ਰਕਮ ਵੀ ਨਗਰ ਨਿਗਮ ਨੂੰ ਜਾਰੀ ਕੀਤੀ।
ਸ: ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਸ ਮੌਕੇ ਇਕ ਖਾਸ ਐਲਾਣ ਕਰਦਿਆਂ ਨਗਰ ਨਿਗਮ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੀ ਸ਼ਾਮਲਾਟ ਤੇ 12 ਸਾਲ ਤੋਂ ਪੁਰਾਣੇ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦੀ ਥਾਂ ਦਾ ਮਾਲਕੀ ਹੱਕ ਦੇਣ ਲਈ ਨੀਤੀ ਬਣਾ ਕੇ ਇਕ ਵਿਸੇਸ਼ ਕੈਂਪ ਲਗਾ ਕਿ ਸਾਰੀ ਕਾਰਵਾਈ ਮੁਕੰਮਲ ਕੀਤੀ ਜਾਵੇ।ਉਨ੍ਹਾਂ ਨੇ ਕਿਹਾ ਕਿ ਕੁਲੈਕਟਰ ਰੇਟ ਤੇ ਇਹ ਜਮੀਨ ਇੱਥੇ ਰਹਿ ਰਹੇ ਲੋਕਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਨੇ ਇਸੇ ਤਰਾਂ ਕਿਹਾ ਕਿ ਨਿਗਮ ਦੀਆਂ ਦੁਕਾਨਾਂ ਦੇ ਕਿਰਾਏਦਾਰ ਵੀ ਜੇਕਰ ਚਾਹੁਣ ਤਾਂ ਦੁਕਾਨਾਂ ਨੂੰ ਖਰੀਦ ਕਰ ਸਕਦੇ ਹਨ। ਇਸ ਲਈ ਵੀ ਵਿਸੇਸ਼ ਕੈਂਪ ਲਗਾਇਆ ਜਾਵੇਗਾ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਕੌਂਸਲਰਾਂ ਨਾਲ ਇੱਕਲੇ ਇੱਕਲੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਵਾਰਡਾਂ ਦੇ ਵਿਕਾਸ ਕਾਰਜਾਂ ਸਬੰਧੀ ਚਰਚਾ ਕੀਤੀ। ਜਿਆਦਾਤਰ ਕੌਂਸਲਰਾਂ ਨੇ ਦੱਸਿਆ ਕਿ 90 ਫੀਸਦੀ ਕੰਮ ਲਗਭਗ ਮੁੰਕਮਲ ਹੋ ਚੁੱਕੇ ਹਨ ਅਤੇ ਬਕਾਇਆ ਕੰਮ ਵੀ ਜਲਦ ਪੂਰੇ ਹੋਣ ਵਾਲੇ ਹਨ। ਇਸ ਤੇ ਵਿੱਤ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਫੰਡ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰ ਦੇ ਚੱਲ ਰਹੇ ਸਾਰੇ ਵੱਡੇ ਵਿਕਾਸ ਪ੍ਰੋਜੈਕਟ ਵੀ ਤੈਅ ਸਮਾਂ ਹੱਦ ਵਿਚ ਪੂਰੇ ਕੀਤੇ ਜਾਣਗੇੇ।
ਸ: ਬਾਦਲ ਨੇ ਕਿਹਾ ਕਿ ਕੌਂਸਲਰਾਂ ਨਾਲ ਼ਸਹਿਰ ਦੇ ਵਿਕਾਸ ਦੀ ਚਰਚਾ ਲਈ ਹਰ 15 ਦਿਨਾਂ ਬਾਅਦ ਬੈਠਕ ਹੋਇਆ ਕਰੇਗੀ ਅਤੇ ਇਸ ਦੌਰਾਨ ਕੌਂਸਲਰਾਂ ਦੇ ਸੁਝਾਅ ਅਨੁਸਾਰ ਨਿਗਮ ਵੱਲੋਂ ਕੀਤੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਹੋਇਆ ਕਰੇਗੀ। ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਵੀ ਸੱਪਸ਼ਟ ਕੀਤਾ ਕਿ ਚੁਣੇ ਹੋਏ ਨੁੰਮਾਇੰਦਿਆਂ ਦੀ ਜਨਤਕ ਕੰਮਾਂ ਪ੍ਰਤੀ ਰਾਏ ਨੂੰ ਪਹਿਲ ਦੇ ਅਧਾਰ ਤੇ ਮੰਨਦੇ ਹੋਏ ਕੰਮ ਮੁਕੰਮਲ ਕੀਤੇ ਜਾਣ।
ਇਸ ਮੌਕੇ ਸ: ਬਾਦਲ ਨੇ ਦੁਹਰਾਇਆ ਕਿ ਦੀਵਾਲੀ ਤੱਕ ਸ਼ਹਿਰ ਦੇ ਵਾਰਡਾਂ ਵਿਚ ਚੱਲ ਰਹੇ ਸਾਰੇ ਚੱਲ ਰਹੇ ਵਿਕਾਸ ਪ੍ਰੋਜੈਕਟ ਪੂਰੇ ਕਰਕੇ ਲੋਕ ਸਮਰਪਿਤ ਕਰ ਦਿੱਤੇ ਜਾਣਗੇ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਰਮਨ ਗੌਇਲ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਨਗਰ ਨਿਗਮ ਪਹੁੰਚਣ ਤੇ ਵਿਸ਼ੇਸ਼ ਸਵਾਗਤ ਕੀਤਾ।
ਇਸ ਮੌਕੇ ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੌਕ ਪ੍ਰਧਾਨ , ਡਿਪਟੀ ਮੇਅਰ ਹਰਮੰਦਰ ਸਿੰਘ ਸਿੱਧੂ, ਇੰਪਰੂਵਮੈਂਟ ਟਰੱਸਟ ਚੇਅਰਮੈਨ ਕੇ ਕੇ ਅਗਰਵਾਲ,ਜੈਜੀਤ ਜੌਹਲ, ਅਰੁਣ ਵਧਾਵਨ, ਮੈਂਬਰ ਫਾਇਨਾਂਸ ਕਮੇਟੀ ਪ੍ਰਵੀਨ ਗਰਗ, ਬਲਜਿੰਦਰ ਠੇਕੇਦਾਰ, ਸੰਦੀਪ ਗੋਇਲ, ਮਲਕੀਅਤ ਸਿੰਘ ਅਤੇ ਸਮੂਹ ਕੌਂਸਲਰ ਮੌਜੂਦ ਸਨ।






















