ਭਾਜਪਾ ਆਗੂਆਂ ਨੂੰ ਬੰਧਕ ਬਣਾਉਣ ਦਾ ਮਾਮਲਾ
ਹਾਈ ਕੋਰਟ ‘ਚ ਡੀ.ਐੱਸ.ਪੀ ਨੇ ਪੇਸ਼ ਕੀਤੀ ਸਟੇਟਸ ਰਿਪੋਰਟ
150 ਕਿਸਾਨਾਂ ਤੇ ਪਰਚਾ ਦਰਜ

ਚੰਡੀਗੜ੍ਹ,12 ਜੁਲਾਈ(ਵਿਸ਼ਵ ਵਾਰਤਾ)- ਬੀਤੇ ਦਿਨੀਂ ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਸਕੱਤਰ ਡਾ.ਅਜੈ ਚੌਧਰੀ ਹੋਰ ਆਗੂਆਂ ਤੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਘਰ ਵਿੱਚ ਹੀ ਬੰਧਕ ਬਣਾਇਆ ਗਿਆ ਸੀ।
ਭਾਜਪਾ ਆਗੂਆਂ ਨੂੰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਤੜਕੇ ਕਰੀਬ 4 ਵਜੇ ਪੁਲਿਸ ਵਲੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਦੇਰ ਰਾਤ ਹਾਈ ਕੋਰਟ ਨੇ ਭਾਜਪਾ ਆਗੂਆਂ ਨੂੰ ਛੁਡਾਉਣ ਦੇ ਆਦੇਸ਼ ਦਿੱਤੇ ਸਨ। ਪੁਲਿਸ ਨੇ ਕਿਸਾਨਾਂ ਤੇ ਲਾਠੀਚਾਰਜ ਕੀਤਾ ਤੇ ਭਾਜਪਾ ਆਗੂਆਂ ਨੂੰ ਮੁਕਤ ਕਰਵਾਇਆ।
ਡੀ.ਐੱਸ.ਪੀ ਗੁਰਵਿੰਦਰ ਸਿੰਘ ਨੇ ਅੱਜ ਹਾਈ ਕੋਰਟ ਵਿੱਚ ਪੂਰੇ ਮਾਮਲੇ ਦੀ ਸਟੇਟਸ ਰਿਪੋਰਟ ਪੇਸ਼ ਕੀਤੀ ਹੈ। ਇਸ ਰਿਪੋਰਟ ਅਨੁਸਾਰ ਭਾਜਪਾ ਆਗੂਆਂ ਨੇ ਬੈਠਕ ਤੇ ਪ੍ਰੈੱਸ ਕਾਨਫਰੰਸ ਬਾਰੇ ਸਥਾਨਕ ਪ੍ਰਸ਼ਾਸ਼ਨ ਨੂੰ ਸੂਚਿਤ ਨਹੀਂ ਕੀਤਾ।
ਬੰਧਕ ਬਣਾਏ ਗਏ ਸਾਰੇ ਭਾਜਪਾ ਆਗੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਉਹਨਾਂ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ 150 ਅਣਪਛਾਤੇ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਸੁਣਵਾਈ ਦੇਰ ਰਾਤ 1ਵਜੇ ਜੱਜ ਸੁਵੀਰ ਸਹਿਗਲ ਸਾਹਮਣੇ ਹੋਈ। ਸੁਣਵਾਈ ਤੋਂ ਬਾਅਦ ਸਵੀਰ ਸਹਿਗਲ ਨੇ ਸੂਬੇ ਤੇ ਡੀਜੀਪੀ ਨੂੰ ਨੋਟਿਸ ਜਾਰੀ ਕਰ ਕੇ ਨਿਰਦੇਸ਼ ਦਿੱਤਾ ਕਿ ਪਟੀਸ਼ਨਕਰਤਾ ਨੂੰ ਸੁਰੱਖਿਆ ਨਾਲ ਬਾਹਰ ਕੱਢਿਆ ਜਾਵੇ।






















