ਕਰਜ਼ੇ ਦੇ ਸਤਾਏ ਪਿੰਡ ਨੇਹੀਆਂ ਵਾਲਾ ਦੇ ਕਿਸਾਨ ਨੇ ਕੀਤੀ ਖੁਦਕੁਸ਼ੀ
ਗੁਟਕਾ ਸਾਹਿਬ ਦੀ ਸਹੁੰ ਵਾਲੀ “ਕਰਜ਼ਾ ਮੁਕਤ” ਸਕੀਮ ਵੀ ਨਾ ਦੇ ਸਕੀ ਕਿਸਾਨਾਂ ਨੂੰ ਰਾਹਤ

ਬਠਿੰਡਾ 10 ਜੁਲਾਈ( ਵਿਸ਼ਵ ਵਾਰਤਾ):- ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸਾਰੇ ਕਰਜ਼ੇ ਤੇ ਲੀਕ ਮਾਰਨ ਵਾਲੀ ਸਰਕਾਰ ਦੇ ਰਾਜ ਵਿੱਚ ਕਿਸਾਨਾਂ ਵੱਲੋਂ ਆਤਮਹੱਤਿਆ ਕਰਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ, ਕਿਉਂਕਿ “ਕਰਜ਼ਾ ਕੁਰਕੀ ਖਤਮ ਫ਼ਸਲ ਦੀ ਪੂਰੀ ਰਕਮ” ਵਾਲਾ ਵਾਅਦਾ ਵਫ਼ਾ ਨਾ ਹੋਇਆ । ਅੱਜ ਫਿਰ ਕਰਜ਼ੇ ਦੇ ਸਤਾਏ ਪਿੰਡ ਨੇਹੀਆਂ ਵਾਲਾ ਦੇ ਕਿਸਾਨ ਹਰਬੰਸ ਸਿੰਘ ਉਮਰ 45 ਸਾਲ ਨੇ ਮੌਤ ਗਲੇ ਲਾ ਲਈ, ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰ ਲਈ, ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪਿੰਡ ਵਾਸੀਆਂ ਅਨੁਸਾਰ ਮ੍ਰਿਤਕ ਹਰਬੰਸ ਸਿੰਘ ਦੇ ਸਿਰ ਤੇ ਕਰੀਬ 10 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਉਸ ਦਾ ਬੇਟਾ ਦਿਮਾਗੀ ਤੌਰ ਤੇ ਠੀਕ ਨਹੀਂ ਰਹਿੰਦਾ ਸੀ, ਜਿਸ ਕਰਕੇ ਹਰਬੰਸ ਸਿੰਘ ਘਰੇਲੂ ਹਾਲਾਤ ਕਰਕੇ ਪ੍ਰੇਸ਼ਾਨ ਰਹਿੰਦਾ ਸੀ ਤੇ ਆਖਰਕਾਰ ਅੱਜ ਦੁੱਖਾਂ ਦੇ ਪਹਾੜ ਅੱਗੇ ਜ਼ਿੰਦਗੀ ਹਾਰਦਿਆਂ ਮੌਤ ਗਲੇ ਲਾ ਲਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸ਼ਿੰਗਾਰਾ ਸਿੰਘ ਮਾਨ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਹਨੀ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਨ੍ਹਾਂ ਮੌਤਾਂ ਲਈ ਕੈਪਟਨ ਸਰਕਾਰ ਅਤੇ ਦੇਸ਼ ਦੀ ਮੋਦੀ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਕਿਉਂਕਿ ਕਰਜ਼ੇ ਮੁਆਫ ਨਹੀਂ ਕੀਤੇ ਗਏ, ਜ਼ਮੀਨਾਂ ਦੀ ਕੁਰਕੀ ਹੋ ਰਹੀ ਹੈ, ਫਸਲਾਂ ਦੇ ਪੂਰੇ ਭਾਅ ਨਹੀਂ ਮਿਲ ਰਹੇ,, ਡੀਜ਼ਲ -ਪੈਟਰੋਲ ਮਹਿੰਗੇ ਹੋ ਗਏ, ਬਿਜਲੀ ਕਟ ਕਰ ਕੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ, ਅੱਜ ਦੇ ਹਾਲਾਤ ਵਿੱਚ ਕਿਸਾਨਾਂ ਤੇ ਹਰ ਪਾਸੋਂ ਹਮਲੇ ਹੋ ਰਹੇ ਹਨ, ਜਿਸ ਕਰਕੇ ਦੁਖੀ ਕਿਸਾਨ ਮੌਤ ਗਲੇ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਤਮਹੱਤਿਆਵਾਂ ਨੂੰ ਰੋਕਣ ਲਈ ਇਕੋ ਇਕ ਰਾਹ ਸਾਰੇ ਕਰਜ਼ੇ ਮਾਫ਼, ਸਬਸਿਡੀ ਰਹਿਤ ਪੈਦਾਵਾਰ ਸਾਮਾਨ ਅਤੇ ਫਸਲਾਂ ਦੇ ਪੂਰੇ ਭਾਅ ਦੇਣੇ ਯਕੀਨੀ ਬਣਾਉਣੇ ਪੈਣਗੇ । ਉਨ੍ਹਾਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਨੌਕਰੀ ਅਤੇ ਦੱਸ ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ।






















