ਕੋਟਕਪੁਰਾ ਗੋਲੀਕਾਂਡ ਮਾਮਲਾ
ਮੁਅੱਤਲ ਆਈ.ਜੀ ਪਰਮਰਾਜ ਉਮਰਾਨੰਗਲ ਨੇ ਨਾਰਕੋ ਟੈਸਟ ਲਈ ਦਰਜ ਕਰਵਾਇਆ ਬਿਆਨ
ਐਸਆਈਟੀ ਨੇ ਨਾਰਕੋ ਟੈਸਟ ਲਈ ਕੋਰਟ ਵਿੱਚ ਦਰਜ ਕੀਤੀ ਸੀ ਅਰਜ਼ੀ

ਚੰਡੀਗੜ੍ਹ, 9ਜੁਲਾਈ(ਵਿਸ਼ਵ ਵਾਰਤਾ)-: ਮੁਅੱਤਲ ਚੱਲ ਰਹੇ ਆਈ.ਜੀ ਪਰਮਰਾਜ ਉਮਰਾਨੰਗਲ ਅੱਜ ਅਦਾਲਤ ਵਿੱਚ ਪੇਸ਼ ਹੋਏ ਅਤੇ ਉਹਨਾਂ ਨੇ ਨਾਰਕੋ ਟੈਸਟ ਲਈ ਆਪਣਾ ਲਿਖਤੀ ਬਿਆਨ ਦਰਜ ਕੀਤਾ ਹੈ। ਜਿਸ ਤੇ ਅਦਾਲਤ ਅੱਜ ਹੀ ਹੁਕਮ ਜਾਰੀ ਕਰ ਸਕਦੀ ਹੈ।
ਦੱਸ ਦੱਈਏ ਕਿ ਐਸਆਈਟੀ ਨੂੰ ਵੱਡੀ ਰਾਹਤ ਦਿੰਦਿਆਂ ਅਦਾਲਤ ਨੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਪਰਮਰਾਜ ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਦੇ ਨਾਰਕੋ ਟੈਸਟ ਦੀ ਆਗਿਆ ਦੇ ਦਿੱਤੀ ਸੀ। ਜਦੋਂਕਿ ਸੁਮੇਧ ਸੈਣੀ ਅਤੇ ਚਰਨਜੀਤ ਸ਼ਰਮਾ ਨੇ ਨਾਰਕੋ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਕਿ ਪਰਮਰਾਜ ਉਮਰਾਨੰਗਲ ਨੇ ਨਾਰਕੋ ਟੈਸਟ ਕਰਵਾਉਣ ਲਈ ਸਹਿਮਤੀ ਦਿੱਤੀ ਸੀ।
ਕੀ ਹੈ ਕੋਟਕਪੁਰਾ ਗੋਲੀਕਾਂਡ ਮਾਮਲਾ
ਅਕਤੂਬਰ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੋਟਕਪੂਰਾ ਵਿੱਚ ਸਿੱਖਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ 14 ਅਕਤੂਬਰ 2015 ਨੂੰ ਭੀੜ ਤੇ ਕੰਟਰੋਲ ਕਰਨ ਲਈ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ। ਜਿਸ ਵਿੱਚ ਦੋ ਪ੍ਰਦਰਸ਼ਨਕਾਰੀ ਸਿੱਖ ਮਾਰੇ ਗਏ ਸਨ ਜਦ ਕਿ ਕਈ ਹੋਰ ਜ਼ਖਮੀ ਹੋ ਗਏ। ਨਿਹੱਥੇ ਸਿੱਖ ਪ੍ਰਦਰਸ਼ਨਕਾਰੀਆਂ ਤੇ ਗੋਲੀਆਂ ਚਲਾਉਣ ਦੇ ਆਦੇਸ਼ ਨੂੰ ਲੈ ਕਿ ਸਿੱਖ ਜੱਥੇਬੰਦੀਆਂ ਵਿੱਚ ਵਿਰੋਧ ਵੱਧ ਗਿਆ।
ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਹੁਣ ਤੱਕ ਤਿੰਨ ਜਾਂਚ ਕਮੇਟੀਆਂ ਬਣੀਆਂ ਹਨ। ਜਿਨ੍ਹਾਂ ਵਿਚੋਂ ਦੋ ਨੇ ਆਪਣੀ ਰਿਪੋਰਟ ਮਾਣਯੋਗ ਅਦਾਲਤ ਨੂੰ ਸੌਂਪ ਦਿੱਤੀ ਹੈ। ਪਰ ਹੁਣ ਤੀਜੀ ਕਮੇਟੀ ਇਸ ਮਾਮਲੇ ਦੀ ਮੁੜ ਜਾਂਚ ਕਰ ਰਹੀ ਹੈ। ਜਿਸ ਵਿਚ ਐਸਆਈਟੀ ਨੇ ਉਪਰੋਕਤ ਤਿੰਨਾਂ ਅਧਿਕਾਰੀਆਂ ਤੋਂ ਸੱਚਾਈ ਪ੍ਰਾਪਤ ਕਰਨ ਲਈ ਨਾਰਕੋ ਟੈਸਟ ਲਈ ਅਰਜ਼ੀ ਦਿੱਤੀ ਸੀ। ਅਦਾਲਤ ਦੀ ਸੁਣਵਾਈ ਤੋਂ ਬਾਅਦ ਉਮਰਾਨੰਗਲ ਨੇ ਨਾਰਕੋ ਟੈਸਟ ਕਰਵਾਉਣ ਲਈ ਸਹਿਮਤੀ ਦਿੱਤੀ ਸੀ। ਇਸ ਤੋਂ ਇਲਾਵਾ ਡੀਜੀਪੀ ਸੁਮੇਧ ਸਿੰਘ ਅਤੇ ਚਰਨਜੀਤ ਸ਼ਰਮਾ ਨੇ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।






















