ਕਾਂਗਰਸ ਦੀ ਸਾਢੇ ਚਾਰ ਸਾਲਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਕਾਂਗਰਸੀ ਆਪਸ ‘ਚ ਗੁੱਥਮ ਗੁੱਥਾ ਹੋਏ : ਹਰਸਿਮਰਤ ਕੌਰ ਬਾਦਲ
ਸਿਵਲ ਹਸਪਤਾਲ ਮਾਨਸਾ ਲਈ 43 ਲੱਖ 72 ਹਜ਼ਾਰ ਦੀ ਗਰਾਂਟ ਮੈਡੀਕਲ ਉਪਕਰਨਾਂ ਵਾਸਤੇ ਦਿੱਤੀ

ਮਾਨਸਾ, 6 ਜੁਲਾਈ (ਵਿਸ਼ਵ ਵਾਰਤਾ): ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਕਾਂਗਰਸੀ ਆਪਸ ਵਿਚ ਗੁੱਥਮ ਗੁੱਥਾ ਹੋ ਗਏ ਹਨ ਤੇ ਲੋਕਾਂ ਵੱਲੋਂ ਕਹੀਆਂ ਗੱਲਾਂ ਆਪ ਸੱਚੀਆਂ ਸਾਬਤ ਹੋ ਰਹੀਆਂ ਹਨ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਵਿਚ ਇਸ ਵੇਲੇ ਕੁਰਸੀ ਨੂੰ ਲੈ ਕੇ ਲੜਾਈ ਲੜ ਰਹੀ ਹੈ ਜਿਥੇ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਬਚਾਉਣ ਲਈ ਦਿੱਲੀ ਦੇ ਗੇੜੇ ਮਾਰ ਰਹੇ ਹਨ, ਉਥੇ ਹੀ ਉਹਨਾਂ ਦੇ ਵਿਰੋਧੀ ਵੀ ਕੁਰਸੀ ਦੇ ਲਾਲਚ ਵਿਚ ਉਹਨਾਂ ‘ਤੇ ਹੱਲਾ ਬੋਲ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕਾਂਗਰਸ ਰਾਜ ਵਿਚ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਸਮੇਤ ਪਾਰਟੀ ਦੇ ਲੀਡਰਾਂ ਨੇ ਰੱਜ ਕੇ ਭ੍ਰਿਸ਼ਟਾਚਾਰ ਕੀਤਾ ਤੇ ਨਜਾਇਜ਼ ਮਾਇਨਿੰਗ, ਨਜਾਇਜ਼ ਸ਼ਰਾਬ ਦੇ ਕਾਰੋਬਾਰ ਸਮੇਤ ਹਰ ਉਹ ਨਜਾਇਜ਼ ਕੰਮ ਕੀਤਾ ਜਿਥੋਂ ਪੈਸਾ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਇਹਨਾਂ ਤਾਂ ਰੇਤੇ ਦੇ ਚੱਕ ਵਿਚ ਸਾਈਟਾਂ 300 ਫੁੱਟ ਤੱਕ ਪੁੱਟ ਸੁੱਟੀਆਂ ਹਨ।
ਸਰਦਾਰਨੀ ਬਾਦਲ ਜਿਨ੍ਹਾਂ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਨੂੰ ਵੇਖਦਿਆਂ ਸਾਵਧਾਨੀ ਵਜੋਂ ਸਿਵਲ ਹਸਪਤਾਲ ਮਾਨਸਾ ਵਿਖੇ ਸਿਹਤ ਮਾਹਿਰਾਂ ਨਾਲ ਵਿਚਾਰ ਵਟਾਂਦਰੇ ਉਪਰੰਤ ਮੌਕੇ ‘ਤੇ ਹੀ ਜ਼ਰੂਰੀ ਮੈਡੀਕਲ ਉਪਕਰਨਾਂ ਵਾਸਤੇ 43 ਲੱਖ 72 ਹਜ਼ਾਰ ਤੋਂ ਵੱਧ ਦੀ ਗ੍ਰਾਂਟ ਮਨਜ਼ੁਰ ਕਰਨ ਮਗਰੋਂ, ਕਿਹਾ ਕਿ ਕਾਂਗਰਸ ਸਰਕਾਰ ਨੇ ਕੋਰੋਨਾ ਮਹਾਮਾਰੀ ਵਿਚ ਪੰਜਾਬੀਆਂ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ ਤੇ ਮੁੱਖ ਮੰਤਰੀ ਸਮੇਤ ਸਾਰੇ ਮੰਤਰੀ ਆਪੋ ਆਪਣੇ ਫਾਰਮ ਹਾਊਸਾਂ ਤੇ ਘਰਾਂ ਵਿਚ ਕੈਦ ਹੋ ਗਏ ਤੇ ਲੋਕਾਂ ਦੀ ਸਾਰ ਤੱਕ ਨਹੀਂ ਪੁੱਛੀ। ਉਹਨਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਸੰਸਥਾਵਾਂ ਨੇ ਲੋਕਾਂ ਦੀ ਵੱਧ ਚੜ੍ਹ ਕੇ ਸੇਵਾ ਕੀਤੀ ਸੀ।
ਸਰਦਾਰਨੀ ਬਾਦਲ ਨੇ ਪੰਜਾਬ ਵਿਚ ਅੱਜ ਹਾਲਾਤ ਇਹ ਹੋਏ ਪਏ ਹਨ ਕਿ ਸਰਕਾਰ ਨੇ ਕਿਸਾਨਾਂ ਨੂੰ ਉਹਨਾਂ ਦੇ ਹਾਲ ‘ਤੇ ਛੱਡ ਦਿੱਤਾ ਹੈ ਤੇ ਨਾ 8 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ ਤੇ ਨਾ ਹੀ ਨਹਿਰੀ ਪਾਣੀ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਜਿਹੜੇ ਕਾਂਗਰਸੀ ਆਗੂ ਅਕਾਲੀ ਦਲ ‘ਤੇ ਉਂਗਲ ਚੁੱਕ ਰਹੇ ਹਨ, ਉਹ ਚੇਤੇ ਰੱਖਣ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਲੋਕਾਂ ਨੂੰ ਘਰਾਂ ਵਿਚ 24 ਘੰਟੇ ਬਿਜਲੀ ਤੇ ਖੇਤੀਬਾੜੀ ਲਈ 8 ਘੰਟੇ ਤੋਂ ਕਿਤੇ ਵੱਧ ਖੁੱਲ੍ਹੀ ਬਿਜਲੀ ਮਿਲੀ ਸੀ ਜਦਕਿ ਕਾਂਗਰਸ ਸਰਕਾਰ ਵਿਚ ਬਿਜਲੀ ਕੱਟਾਂ ਨੇ ਲੋਕਾਂ ਖਾਸ ਤੌਰ ‘ਤੇ ਕਿਸਾਨਾਂ ਤੇ ਉਦਯੋਗਪਤੀਆਂ ਦਾ ਮਾੜਾ ਹਾਲ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਪੰਜਾਬ ਨੁੰ ਬਿਜਲੀ ਸਰਪਲੱਸ ਬਣਾਇਆ ਜਦਕਿ ਕਾਂਗਰਸ ਨੇ ਇਕ ਵੀ ਮੈਗਾਵਾਟ ਬਿਜਲੀ ਵੱਧ ਤਾਂ ਕੀ ਜੋੜਨੀ ਸੀ, ਉਲਟਾ ਸਮਰਥਾ ਹੀ ਘਟਾਉਣ ਵਾਲੇ ਪਾਸੇ ਕੰਮ ਕੀਤਾ ਹੈ। ਉਹਨਾਂ ਸਵਾਲ ਕੀਤਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਮਹਿਕਮਾ ਦਿੱਤਾ ਸੀ ਤਾਂ ਇਹਨਾਂ ਲੋਕਾਂ ਨੇ ਕਿਉਂ ਨਹੀਂ ਮਹਿਕਮਾ ਸੰਭਾਲ ਕੇ ਸੁਧਾਰ ਦੇ ਕੰਮ ਕੀਤੇ ? ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਦੇ ਸਮੇਂ ਬਿਜਲੀ ਜਿਸ ਦਰ ਤੋਂ ਮਿਲ ਰਹੀ ਸੀ, ਅੱਜ ਉਸ ਤੋਂ ਦੁੱਗਣੀ ਤੋਂ ਵੀ ਜ਼ਿਆਦਾ ਮਹਿੰਗੀ ਲੋਕਾਂ ਨੂੰ ਮਿਲ ਰਹੀ ਹੈ। ਉਹਨਾਂ ਕਿਹਾ ਕਿ ਆਪਣੀ ਨਿੱਜੀ ਤੇ ਕਾਂਗਰਸ ਸਰਕਾਰ ਦੀ ਅਸਫਲਤਾ ‘ਤੇ ਪਰਦਾ ਪਾਉਣ ਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ।
ਸਵਾਲਾਂ ਦੇ ਜਵਾਬ ਵਿਚ ਸਰਦਾਰਨੀ ਬਾਦਲ ਨੇ ਕਿਹਾ ਕਿ ਭਾਵੇਂ ਭਾਜਪਾ ਹੋਵੇ ਜਾਂ ਕਾਂਗਰਸ, ਇਹਨਾਂ ਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ ਹੈ। ਉਹਨਾਂ ਕਿਹਾ ਕਿ ਜਿਥੇ ਭਾਜਪਾ ਜੁਮਲਿਆਂ ਦੀ ਸਰਕਾਰ ਹੈ ਅਤੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਦੀ ਸਰਕਾਰ ਨੇ ਪੈਟਰੋਲ ਡੀਜ਼ਲ ਦਾ ਰੇਟ 100 ਰੁਪਏ ਕਰ ਦਿੱਤਾ ਹੈ, ਜਦਕਿ ਇੰਨੇ ਰੇਟ ਕਦੇ ਇਤਿਹਾਸ ਵਿਚ ਨਹੀਂ ਵਧੇ। ਉਹਨਾਂ ਕਿਹਾ ਕਿ ਇਹੀ ਹਾਲ ਪੰਜਾਬ ਦੀ ਕਾਂਗਰਸ ਸਰਕਾਰ ਦਾ ਹੈ ਜਿਸਨੇ ਬਿਜਲੀ ਗੁੱਲ ਕਰ ਦਿ ੱਤੀ ਹੈ ਤੇ ਲੋਕ ਜਨਰੇਟਰ ਨਹੀਂ ਚਲਾ ਸਕਦੇ ਕਿਉਂਕਿ ਪੈਟਰੋਲ ਤੇ ਡੀਜ਼ਲ ਬਹੁਤ ਮਹਿੰਗਾ ਹੈ ਤੇ ਪੰਜਾਬ ਵਿਚ ਸਭ ਤੋਂ ਵੱਧ ਟੈਕਸ ਇਹਨਾਂ ਪੈਟਰੋਲੀਅਮ ਵਸਤਾਂ ‘ਤੇ ਹੈ। ਉਹਨਾਂ ਕਿਹਾ ਕਿ ਜੇਕਰ ਇਹ ਪਾਰਟੀਆਂ ਲੋਕ ਪੱਖੀ ਹੁੰਦੀਆਂ ਤਾਂ ਫਿਰ ਕੈਪਟਨ ਅਮਰਿੰਦਰ ਸਰਕਾਰ ਪੈਟਰੋਲ ਤੇ ਡੀਜ਼ਲ ਦੇ ਰੇਟ ਵਿਚ 10 ਰੁਪਏ ਦੀ ਕਟੌਤੀ ਕਰਦੀ ਜਦਕਿ ਭਾਜਪਾ ਮਹਿੰਗਾਈ ‘ਤੇ ਕਾਬੂ ਪਾਉਣ ਲਈ ਰੇਟਾਂ ਵਿਚ 20 ਫੀਸਦੀ ਕਟੌਤੀ ਕਰਦੀ ਪਰ ਇਹਨਾਂ ਨੇ ਅਜਿਹਾ ਤਾਂ ਕੀ ਕਰਨਾ ਹੈ, ਉਲਟਾ ਆਮ ਆਦਮੀ ਵਾਸਤੇ ਮੁਸ਼ਕਿਲਾਂ ਹੋਰ ਵਧਾ ਰਹੇ ਹਨ। ਉਹਨਾਂ ਕਿਹਾ ਕਿ ਇਹ ਲੋਕ ਝੂਠ ਬੋਲ ਕੇ ਸੱਤਾ ਵਿਚ ਆਉਂਦੇ ਹਨ ਤੇ ਫਿਰ ਲੋਕਾਂ ਦੀ ਆਂ ਤਕਲੀਫਾਂ ਭੁੱਲ ਜਾਂਦੇ ਹਨ।
ਉਹਨਾਂ ਨੇ ਅਧਿਆਪਕਾਂ ‘ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਘਰ ਘਰ ਨੌਕਰੀ ਤੇ ਸਾਰਾ ਕਰਜ਼ਾ ਮੁਆਫ ਕਰਨ ਸਮੇਤ ਹੋਰ ਝੂਠੇ ਵਾਅਦਿਆਂ ਦੇ ਸਿਰ ‘ਤੇ ਸੱਤਾ ਵਿਚ ਆਏ ਸਨ ਪਰ ਅੱਜ ਆਪਣਾ ਹੱਕ ਮੰਗਣ ਵਾਲਿਆਂ ਨੂੰ ਰੋਜ਼ ਡੰਡੇ ਮਾਰੇ ਜਾ ਰਹੇ ਹਨ ਅਤੇ ਕੁੜੀਆਂ ਨਾਲ ਬਹੁਤ ਹੀ ਸ਼ਰਮਨਾਕ ਹੱਦ ਦੀ ਬਦਸਲੂਕੀ ਕੀਤੀ ਜਾ ਰਹੀ ਹੈ।























