ਗਾਜ਼ੀਪੁਰ ਬਾਰਡਰ ਤੇ ਭਾਜਪਾ ਵਰਕਰਾਂ ਦੀ ਕਿਸਾਨਾਂ ਨਾਲ ਝੜਪ
ਭਾਜਪਾ ਹੁਣ ਅੰਦੋਲਨ ਨੂੰ ਹਿੰਸਾ ਨਾਲ ਤੋੜਨਾ ਚਾਹੁੰਦੀ ਹੈ – ਭਾਰਤੀ ਕਿਸਾਨ ਯੂਨੀਅਨ

ਨਵੀਂ ਦਿੱਲੀ, 30ਜੂਨ(ਵਿਸ਼ਵ ਵਾਰਤਾ)-ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਚਲਦਿਆਂ ਅੱਜ ਕਿਸਾਨਾਂ ਦੀ ਭਾਜਪਾ ਵਰਕਰਾਂ ਨਾਲ ਝੜਪ ਹੋ ਗਈ। ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਪਿਛਲੇ 7 ਮਹੀਨਿਆਂ ਤੋਂ ਜਾਰੀ ਹੈ। ਅੱਜ ਭਾਜਪਾ ਵਰਕਰ ਵੱਡੀ ਗਿਣਤੀ ਵਿੱਚ ਫਲਾਈਵੇਅ ਉਤੇ ਇਕੱਠੇ ਹੋਏ ਇਸ ਦੌਰਾਨ ਕਿਸਾਨਾਂ ਨਾਲ ਝੜਪ ਹੋ ਗਈ।
ਭਾਰਤੀ ਕਿਸਾਨ ਯੂਨੀਅਨ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਯੂਨੀਅਨ ਵੱਲੋਂ ਕਿਹਾ ਕਿ ਭਾਜਪਾ ਵਰਕਰਾਂ ਨੇ ਅੱਜ ਗਾਜੀਪੁਰ ਬਾਰਡਰ ਉਤੇ ਫਲਾਈਵੇ ਦੇ ਵਿਚਕਾਰ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਕਿਸੇ ਆਗੂ ਦੇ ਸਵਾਗਤ ਕਰਨ ਦੇ ਬਹਾਨੇ ਢੋਲ ਬਜਾਕੇ ਅੰਦੋਲਨ ਵਿਰੋਧੀ ਨਾਅਰੇ ਲਗਾਏ ਗਏ। ਭਾਰਤੀ ਕਿਸਾਨ ਯੂਨੀਅਨ ਵਰਕਰਾਂ ਦੇ ਮਨਾਂ ਕਰਨ ਉਤੇ ਲਾਠੀਆਂ, ਡੰਡਿਆਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਦੌਰਾਨ ਕਈ ਕਿਸਾਨ ਜ਼ਖਮੀ ਹੋ ਗਏ।

ਭਾਰਤੀ ਕਿਸਾਨ ਯੂਨੀਅਨ ਨੇ ਟਵੀਟ ਕਰਕੇ ਕਿਹਾ ਕਿ ਭਾਜਪਾ ਹੁਣ ਅੰਦੋਲਨ ਨੂੰ ਹਿੰਸਾ ਨਾਲ ਤੋੜਨਾ ਚਾਹੁੰਦੀ ਹੈ। ਜਿਸਦੀ ਉਦਾਹਰਣ ਅੱਜ ਦੀ ਗਾਜੀਪੁਰ ਬਾਰਡਰ ਉਤੇ ਭਾਜਪਾ ਵਰਕਰਾਂ ਵੱਲੋਂ ਕੀਤੀ ਗਈ ਹਿੰਸਾ ਹੈ। ਸਾਰੇ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਬਹਿਕਾਵੇ ਵਿੱਚ ਨਾ ਆਉਣ ਅਤੇ ਆਪਣੇ ਅੰਦੋਲਨ ਨੂੰ ਬਚਾਅ ਕੇ ਰੱਖਣ।






















