ਟਿੱਕਰੀ ਬਾਰਡਰ ‘ਤੇ ਸ਼ੈਡ ਦੀ ਸੇਵਾ ਕਰਦੇ ਕਿਸਾਨ ਦੀ ਮੌਤ

ਭਵਾਨੀਗੜ੍ਹ,23ਮਈ(ਵਿਸ਼ਵ ਵਾਰਤਾ) ਕਿਸਾਨੀ ਸੰਘਰਸ਼ ‘ਚ ਸ਼ਾਮਲ ਹੋਣ ਦਿੱਲੀ ਦੇ ਟਿੱਕਰੀ ਬਾਰਡਰ ‘ਤੇ ਗਏ ਨੇੜਲੇ ਪਿੰਡ ਸਕਰੌਦੀ ਦੇ ਇੱਕ ਕਿਸਾਨ ਦੀ ਉੱਥੇ ਬੀਤੀ ਰਾਤ ਮੌਤ ਹੋ ਗਈ।ਜਾਣਕਾਰੀ ਅਨੁਸਾਰ ਕਿਸਾਨ ਕਰਮਜੀਤ ਸਿੰਘ (70) ਪੁੱਤਰ ਪ੍ਰੀਤਮ ਸਿੰਘ ਵਾਸੀ ਸਕਰੌਦੀ ਜੋ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦਾ ਵਰਕਰ ਸੀ ਤੇ ਜਥੇਬੰਦੀ ਦੀ ਅਗਵਾਈ ਹੇਠ ਬੀਤੀ 16 ਮਈ ਨੂੰ ਕਿਸਾਨ ਮੋਰਚੇ ‘ਚ ਹਾਜ਼ਰੀ ਲਗਵਾਉਣ ਲਈ ਟਿੱਕਰੀ ਬਾਰਡਰ ਦਿੱਲੀ ਵਿਖੇ ਗਿਆ ਸੀ ਜਿੱਥੇ ਆਰਜੀ ਸ਼ੈੱਡ ਬਣਾਉੰਦੇ ਹੋਏ ਕਰਮਜੀਤ ਸਿੰਘ ਦੇ ਸਿਰ ਵਿੱਚ ਲੋਹੇ ਦਾ ਸਰੀਆ ਲੱਗਣ ਨਾਲ ਉਹ ਜਖ਼ਮੀ ਹੋ ਗਿਆ ਜਿਸਨੂੰ ਸਾਥੀ ਕਿਸਾਨਾਂ ਵੱਲੋਂ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਬੀਤੀ ਰਾਤ ਕਰਮਜੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ 3 ਏਕੜ ਜ਼ਮੀਨ ਦਾ ਮਾਲਕ ਸੀ ਜਿਸਦੇ ਸਿਰ 6 ਲੱਖ ਰੁਪਏ ਦੇ ਕਰੀਬ ਕਰਜਾ ਸੀ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜਿਲ੍ਹਾ ਮੀਤ ਪ੍ਰਧਾਨ ਗੁਰਬਖਸ਼ੀਸ਼ ਸਿੰਘ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਦਾ ਕਰਜਾ ਮੁਆਫ ਕਰਕੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਤੇ 10 ਲੱਖ ਰੁਪਏ ਮੁਆਵਜਾ ਦੇਣ ਦੀ ਮੰਗ ਕੀਤੀ ਹੈ।






















