ਵਿਅਕਤੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖੁਦਕੁਸ਼ੀ, ਦਿਮਾਗੀ ਤੌਰ ‘ਤੇ ਰਹਿੰਦਾ ਸੀ ਪਰੇਸ਼ਾਨ

ਜਲੰਧਰ ,20 ਮਈ (ਵਿਸ਼ਵ ਵਾਰਤਾ /ਅਸ਼ਵਨੀ ਠਾਕੁਰ) –
ਅੱਪਰਾ ਪਿੰਡ ਸਮਰਾੜ੍ਹੀ ਦੇ ਵਸਨੀਕ 52 ਸਾਲਾ ਵਿਆਹੁਤਾ ਵਿਅਕਤੀ ਨੇ ਬੀਤੀ ਸ਼ਾਮ ਲਗਪਗ 5 ਵਜੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਖੁਦਕੁਸ਼ੀ ਕਰ ਲਈ। ਏਐੱਸਆਈ ਸੁਖਵਿੰਦਰ ਪਾਲ ਸਿੰਘ ਮੁਲਤਾਨੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਹੁਸਨ ਲਾਲ ਪੁੱਤਰ ਚਰਨਾ ਰਾਮ (52) ਪੇਂਟ ਦਾ ਕੰਮ ਕਰਦਾ ਸੀ, ਜਿਸ ਦਾ ਵਿਆਹ ਲਗਪਗ 20-22 ਸਾਲ ਪਹਿਲਾਂ ਹੋਇਆ ਸੀ। ਮ੍ਰਿਤਕ ਵਿਅਕਤੀ ਦੇ ਕੋਈ ਬੱਚਾ ਨਹੀਂ ਸੀ, ਉਪਰੋਂ ਕੋਰੋਨਾ ਮਹਾਮਾਰੀ ਦੇ ਕਾਰਨ ਕੰਮ ਨਾ ਮਿਲਣ ਕਾਰਨ ਉਹ ਦਿਮਾਗੀ ਤੌਰ ‘ਤੇ ਪਰੇਸ਼ਾਨ ਰਹਿਣ ਲੱਗ ਪਿਆ। ਬੀਤੀ ਸ਼ਾਮ ਲਗਪਗ 5 ਵਜੇ ਜਦੋਂ ਉਸ ਦੀ ਪਤਨੀ ਪੇਕੇ ਗਈ ਹੋਈ ਸੀ ਤਾਂ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਤੇ ਬਾਅਦ ‘ਚ ਜ਼ਹਿਰੀਲਾ ਪਦਾਰਥ ਨਿਗਲਣ ਬਾਰੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੱਤਾ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤਰੁੰਤ ਸਰਕਾਰੀ ਹਸਪਤਾਲ ਗੋਰਾਇਆ ਦਾਖਲ ਕਰਵਾਇਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਜਲੰਧਰ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਦਾ ਸਿਵਲ ਹਸਪਤਾਲ ਫਿਲੌਰ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਸਾਂ ਦੇ ਸਪੁਰਦ ਕਰ ਦਿੱਤਾ।




















