ਆਦਰਸ਼ ਨਗਰ ‘ਚ ਚੋਰਾਂ ਦਾ ਧਾਵਾ, ਵਿਦੇਸ਼ੀ ਤੇ ਭਾਰਤੀ ਕਰੰਸੀ ਵੀ ਚੁਰਾਈ, CCTV ਕੈਮਰੇ ‘ਚ ਕੈਦ ਹੋਈ ਘਟਨਾ

ਜਲੰਧਰ ,20 ਮਈ (ਵਿਸ਼ਵ ਵਾਰਤਾ /ਅਸ਼ਵਨੀ ਠਾਕੁਰ) -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਵੇਂ ਕੋਵਿਡ-19 ਮਹਾਮਾਰੀ ਕਾਰਨ ਪੰਜਾਬ ‘ਚ ਮਿੰਨੀ ਲਾਕਡਾਊਨ ਲਾਇਆ ਹੋਇਆ ਹੈ ਤੇ ਸਾਰੇ ਪੰਜਾਬ ‘ਚ ਸ਼ਾਮ ਵੇਲੇ ਤੋਂ ਹੀ ਕਰਫਿਊ ਲਾਗੂ ਹੋ ਜਾਂਦਾ ਹੈ ਪਰ ਇਸ ਦੀ ਚੋਰਾਂ ਨੂੰ ਕੋਈ ਵੀ ਪਰਵਾਹ ਨਹੀਂ। ਸ਼ਹਿਰ ‘ਚ ਕੋਈ ਦਿਨ ਅਜਿਹਾ ਨਹੀਂ ਜਾ ਰਿਹਾ ਜਿਸ ਦਿਨ ਚੋਰੀ ਦੀ ਕੋਈ ਘਟਨਾ ਨਾ ਘਟਦੀ ਹੋਵੇ। ਰੋਜ਼ਾਨਾ ਹੀ ਚੋਰ ਕਿਸੇ ਨਾ ਕਿਸੇ ਇਲਾਕੇ ‘ਚ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇ ਰਹੇ ਹਨ। ਚੋਰਾਂ ਨੇ ਬੁੱਧਵਾਰ ਰਾਤ ਵੇਲੇ ਵੀ ਆਦਰਸ਼ ਨਗਰ ‘ਚ ਪੈਂਦੀ ਇਕ ਬੇਕਰੀ ‘ਤੇ ਧਾਵਾ ਬੋਲਦੇ ਹੋਏ ਅੰਦਰੋਂ ਹਜ਼ਾਰਾਂ ਰੁਪਏ ਦੀ ਨਕਦੀ ਤੇ ਸਾਮਾਨ ਚੋਰੀ ਕਰ ਲਿਆ। ਉਕਤ ਸਾਰੀ ਘਟਨਾ ਦੁਕਾਨ ‘ਤੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।
ਜਾਣਕਾਰੀ ਦਿੰਦੇ ਹੋਏ ਕ੍ਰਿਸ਼ਨਾ ਬੈਕਰ ਦੇ ਮਾਲਕ ਪੰਕਜ ਖੰਨਾ ਵਾਸੀ ਵਿਵੇਕ ਵਿਹਾਰ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਤਿੰਨ ਵਜੇ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਵੀਰਵਾਰ ਸਵੇਰੇ ਉਨ੍ਹਾਂ ਦੇ ਗੁਆਂਢੀਆਂ ਨੇ ਫੋਨ ‘ਤੇ ਦੱਸਿਆ ਕਿ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਤਾਂ ਉਹ ਤੁਰੰਤ ਆਪਣੀ ਦੁਕਾਨ ‘ਤੇ ਪਹੁੰਚੇ। ਦੁਕਾਨ ‘ਤੇ ਪਹੁੰਚਦਿਆਂ ਹੀ ਉਨ੍ਹਾਂ ਨੇ ਇਸ ਦੀ ਸੂਚਨਾ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਦਿੱਤੀ। ਪੁਲਿਸ ਦੀ ਮੌਜੂਦਗੀ ‘ਚ ਜਦ ਦੁਕਾਨ ਦਾ ਸ਼ਟਰ ਚੁੱਕ ਕੇ ਅੰਦਰ ਦੇਖਿਆ ਤਾਂ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਚੋਰ ਦੁਕਾਨ ਵਿਚੋਂ ਡੇਢ ਸੌ ਡਾਲਰ ਅਤੇ ਹਜ਼ਾਰਾਂ ਰੁਪਏ ਦੀ ਨਗਦੀ ਤੋਂ ਇਲਾਵਾ ਕੁਝ ਸਾਮਾਨ ਵੀ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਜਦ ਦੁਕਾਨ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਉਸ ਵਿਚ ਦੁਕਾਨ ਦੇ ਬਾਹਰ ਚਾਰ ਨੌਜਵਾਨ ਦੁਕਾਨ ਦੇ ਸ਼ਟਰ ਦੇ ਤਾਲੇ ਤੋੜ ਰਹੇ ਹਨ ਤੇ ਉਨ੍ਹਾਂ ‘ਚੋਂ ਇੱਕ ਨੌਜਵਾਨ ਦੁਕਾਨ ਦੇ ਅੰਦਰ ਆ ਕੇ ਘਟਨਾ ਨੂੰ ਅੰਜ਼ਾਮ ਦੇ ਰਿਹਾ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਚੋਰਾਂ ਨੂੰ ਪਹਿਚਾਨਣ ਦੀ ਦੀ ਕੋਸ਼ਿਸ਼ ‘ਚ ਜੁਟੀ ਹੋਈ ਹੈ।




















