ਪੰਜ ਕਿੱਲੋ ਅਫੀਮ ਸਮੇਤ ਤਿੰਨ ਦੋਸ਼ੀ ਕਾਬੂ

ਬਠਿੰਡਾ 17 ਮਈ (ਕੁਲਬੀਰ ਬੀਰਾ):ਥਾਣਾ ਸੰਗਤ ਅਧੀਨ ਪੈਂਦੀ ਪਥਰਾਲਾ ਪੁਲਸ ਚੌਕੀ ਵੱਲੋਂ ਤਿੰਨ ਵਿਅਕਤੀਆਂ ਨੂੰ ਪੰਜ ਕਿੱਲੋ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਥਰਾਲਾ ਚੌਕੀ ਦੇ ਇੰਚਾਰਜ ਏਐਸਆਈ ਮੇਜਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸਨ ਇਸੇ ਦੌਰਾਨ ਡੂੰਮਵਾਲੀ ਰੇਲਵੇ ਫਾਟਕ ਕੋਲ ਸ਼ੱਕੀ ਹਾਲਤ ਵਿੱਚ ਘੁੰਮ ਰਹੇ ਤਿੰਨ ਵਿਅਕਤੀਆਂ ਨੂੰ ਜਦੋਂ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕੋਲ ਅਫੀਮ ਹੋਣ ਬਾਰੇ ਪਤਾ ਲੱਗਣ ਤੇ ਚੌਕੀ ਇੰਚਾਰਜ ਨੂੰ ਸੂਚਿਤ ਕੀਤਾ ਗਿਆ ਤੇ ਅੱਗੋਂ ਉਨ੍ਹਾਂ ਨੇ ਡੀ ਐੱਸਪੀ ਦਿਹਾਤੀ ਦਵਿੰਦਰ ਸਿੰਘ ਨੂੰ ਮੌਕੇ ਤੇ ਬੁਲਾਇਆ ਤੇ ਉਨ੍ਹਾਂ ਦੀ ਹਾਜ਼ਰੀ ਵਿਚ ਤਲਾਸ਼ੀ ਲਈ ਤਾਂ ਉਕਤ ਲੋਕਾਂ ਕੋਲੋਂ ਪੰਜ ਕਿਲੋ ਅਫੀਮ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਰਵਿੰਦਰ ਬੋਹੀਆ, ਸ਼ੰਭੂ ਬੋਹੀਆ ਅਤੇ ਸੰਜੇ ਕੁਮਾਰ ਵਾਸੀ ਝਾਰਖੰਡ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਮੁਲਜ਼ਮਾਂ ਦੇ ਖਿਲਾਫ ਐੱਨਡੀਪੀਐੱਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਮਾਣਯੋਗ ਅਦਾਲਤ ਤੋਂ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਤਹਿ ਤਕ ਜਾਣ ਲਈ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ।





















